ਟੋਰਾਂਟੋ-ਅਮਰੀਕੀ ਕਰੰਸੀ ਦੇ ਕਮਜ਼ੋਰ ਪੈਣ ਕਾਰਨ ਕੈਨੇਡਾ ਦੇ ਅਰਥਚਾਰੇ ‘ਚ ਮਜ਼ਬੂਤੀ ਆਉਣ ਦੇ ਸੰਕੇਤ ਮਿਲੇ ਹਨ। ਸੋਮਵਾਰ ਨੂੰ ਲੂਨੀ ‘ਚ ਪਿਛਲੇ ਦੋ ਸਾਲਾਂ ‘ਚ ਸਭ ਤੋਂ ਮਜ਼ਬੂਤ ਸਥਿਤੀ ਨਾਲ ਅਮਰੀਕੀ 80 ਸੈਂਟ ਦੇ ਮਾਅਰਕੇ ਤਕ ਪੁੱਜ ਗਿਆ। 
ਬੈਂਕ ਆਫ ਕੈਨੇਡਾ ਵਲੋਂ ਇਸ ਮਹੀਨੇ ਵਿਆਜ਼ ਦਰਾਂ ‘ਚ ਵਾਧਾ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਲੂਨੀ ਦੀ ਹਾਲਤ ਸੁਧਰਨੀ ਸ਼ੁਰੂ ਹੋਈ ਹੈ। ਕੈਨੇਡੀਅਨ ਡਾਲਰ, ਜੋ ਅਮਰੀਕੀ ਡਾਲਰ ਦੇ ਮੁਕਾਬਲੇ 79.92 ਸੈਂਟ ਉੱਤੇ ਟਰੇਡ ਕਰ ਰਿਹਾ ਸੀ, ਦੀ ਕੀਮਤ ਵਿਚ 0.23 ਸੈਂਟ ਦਾ ਉਛਾਲ ਆਇਆ ਤੇ ਇਹ ਪਿਛਲੇ ਦੋ ਮਹੀਨਿਆਂ ਤੋਂ ਹੌਲੀ ਹੌਲੀ ਪਰ ਸਥਿਰਤਾ ਨਾਲ ਅੱਗੇ ਵੱਧ ਰਿਹਾ ਹੈ।ਵਿਆਜ਼ ਦਰਾਂ ‘ਚ ਵਾਧੇ ਮਗਰੋਂ ਲੂਨੀ ਦੀ ਜਿਵੇਂ ਹੀ ਹਾਲਤ ਸੁਧਰਨੀ ਸ਼ੁਰੂ ਹੋਈ ਹੈ, ਉਸਤੋਂ ਮਾਹਿਰ ਹੁਣ ਇਹ ਕਿਆਸਅਰਾਈਆਂ ਪ੍ਰਗਟਾ ਰਹੇ ਹਨ ਕਿ ਜੇਕਰ ਵਿਆਜ਼ ਦਰਾਂ ਵਿਚ ਬੈਂਕ ਆਫ ਕੈਨੇਡਾ ਇਕ ਜਾਂ ਦੋ ਵਾਰੀ ਹੋਰ ਵਾਧਾ ਕਰਦਾ ਹੈ ਤਾਂ ਇਸ ਨਾਲ ਅਰਥਚਾਰਾ ਹੋਰ ਮਜ਼ਬੂਤ ਹੋਵੇਗਾ। 
ਸਟੈਟੇਸਟਿਕਸ ਕੈਨੇਡਾ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਮਈ ਮਹਿਨੇ ਦੌਰਾਨ ਹੋਲਸੇਲ ਦੀ ਵਿਕਰੀ ਵਿਚ ਰਿਕਾਰਡ ਵਾਧਾ ਹੋਇਆ ਸੀ। 0.9 ਫੀਸਦੀ ਦੇ ਵਾਧੇ ਨਾਲ ਇਹ 61.6 ਬਿਲੀਅਨ ਡਾਲਰ ਤਕ ਪਹੁੰਚ ਗਈ ਸੀ। 
ਉਥੇ ਹੀ ਕੁਝ ਮਾਹਿਰਾ ਦਾ ਇਹ ਵੀ ਮੰਨਨਾ ਹੈ ਕਿ ਕਰੰਸੀ ‘ਚ ਆਏ ਇਜਾਫੇ ਲਈ ਮੌਨੈਟਰੀ ਪਾਲਿਸੀ ਤੋਂ ਇਲਾਵਾ ਕਈ ਹੋਰ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ। ਲੂਨੀ ਨੂੰ ਯਕੀਨਨ ਅਮਰੀਕੀ ਡਾਲਰ ਵਿਚ ਆਈ ਗਿਰਾਵਟ ਕਾਰਨ ਫਾਇਦਾ ਹੋਇਆ ਹੈ ਪਰ ਅਮਰੀਕੀ ਡਾਲਰ ਕਦੇ ਵੀ ਮਜ਼ਬੂਤ ਹੋ ਸਕਦਾ ਹੈ ਤੇ ਕੈਨੇਡੀਅਨ ਡਾਲਰ ਨੂੰ ਹੇਠਾ ਸੁੱਟ ਸਕਦਾ ਹੈ। ਅਜਿਹਾ ਅਮਰੀਕਾ ਦੇ ਫੈਡਰਲ ਰਿਜ਼ਰਵ ਵਲੋਂ ਇਸ ਸਾਲ ਆਪਣੀਆਂ ਵਿਆਜ਼ ਦਰਾਂ ‘ਚ ਵਾਧਾ ਕਰਨ ਤੋਂ ਬਾਅਦ ਹੋਣਾ ਸੰਭਾਵੀ ਹੈ।