ਵਿਕਟੋਰੀਆ, 27 ਜੂਨ: 2014 ਵਿੱਚ ਕੈਨੇਡਾ ਵਿੱਚ ਨਸਿ਼ਆਂ ਦੀ ਵਰਤੋਂ ਕਰਨ ਉੱਤੇ 38.4 ਬਿਲੀਅਨ ਡਾਲਰ ਖਰਚ ਕੀਤੇ ਗਏ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਹਰੇਕ ਕੈਨੇਡੀਅਨ ਉੱਤੇ 1100 ਡਾਲਰ ਖਰਚ ਕੀਤੇ ਗਏ। ਇਸ ਦੇ ਨਤੀਜੇ ਵਜੋਂ 67,515 ਕੈਨੇਡੀਅਨ ਮੌਤ ਦੇ ਮੂੰਹ ਜਾ ਪਏ। ਇਸ ਸਬੰਧੀ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ।
ਕੈਨੇਡੀਅਨ ਸੈਂਟਰ ਆਨ ਸਬਸਟਾਂਸ ਯੂਜ਼ ਐਂਡ ਅਡਿਕਸ਼ਨ ਵੱਲੋਂ ਕੈਨੇਡੀਅਨ ਇੰਸਟੀਚਿਊਟ ਫੌਰ ਸਬਸਟਾਂਸ ਯੂਜ਼ ਰਿਸਰਚ ਨਾਲ ਰਲ ਕੇ ਇਸ ਸਬੰਧੀ ਆਂਕੜਿਆਂ ਦਾ ਮੁਲਾਂਕਣ ਕੀਤਾ ਗਿਆ। ਇਸ ਦੇ ਨਾਲ ਹੀ ਸਿਹਤ ਦਾ ਜਿਹੜਾ ਨੁਕਸਾਨ ਹੁੰਦਾ ਹੈ, ਨਿਆਂ, ਉਤਪਾਦਨਸ਼ਕਤੀ ਦੀ ਕਮੀ ਤੇ ਹੋਰ ਕੀਮਤ ਜਿਹੜੀ ਚੁਕਾਉਣੀ ਪੈਂਦੀ ਹੈ, ਦਾ ਅੰਦਾਜ਼ਾ ਲਾਇਆ ਗਿਆ। ਹਾਲਾਂਕਿ ਖੋਜਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਇੱਕ ਤਰ੍ਹਾਂ ਇਸ ਮਾਮਲੇ ਵਿੱਚ ਸੰਕਟ ਵਿੱਚ ਹੈ ਕਿਉਂਕਿ ਇੱਥੇ ਨਸਿ਼ਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫੀ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਕਿ ਨਸਿ਼ਆਂ ਦੀ ਕੁੱਲ ਵਰਤੋਂ ਵਿੱਚੋਂ ਦੋ ਤਿਹਾਈ ਖਰਚਾ ਸ਼ਰਾਬ ਤੇ ਤੰਬਾਕੂ ਦੀ ਵਰਤੋਂ ਉੱਤੇ ਹੁੰਦਾ ਹੈ।
ਇਹ ਵੀ ਪਾਇਆ ਗਿਆ ਕਿ ਚਾਰ ਨਸਿ਼ਆਂ ਵਿੱਚੋਂ ਸੱਭ ਤੋਂ ਵੱਧ ਖਰਚਾ ਕੈਨੇਡੀਅਨਾਂ ਵੱਲੋਂ ਤਰਤੀਬਵਾਰ ਸ਼ਰਾਬ ਉੱਤੇ 14.6 ਬਿਲੀਅਨ, ਤੰਬਾਕੂ ਉੱਤੇ 12 ਬਿਲੀਅਨ ਡਾਲਰ, ਹੋਰਨਾਂ ਨਸ਼ੀਲੇ ਪਦਾਰਥਾਂ ਉੱਤੇ 3.5 ਬਿਲੀਅਨ ਡਾਲਰ ਤੇ ਮੈਰੀਜੁਆਨਾ ਉੱਤੇ 2.8 ਬਿਲੀਅਨ ਡਾਲਰ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਕੈਨੇਡੀਅਨ ਸੈਂਟਰ ਆਨ ਸਬਸਟਾਂਸ ਯੂਜ਼ ਐਂਡ ਅਡਿਕਸ਼ਨ ਇਨ ਓਟਵਾ ਵਿੱਚ ਸੀਨੀਅਰ ਰਿਸਰਚ ਐਂਡ ਪਾਲਿਸੀ ਵਿਸ਼ਲੇਸ਼ਕ ਮੈਥਿਊ ਯੰਗ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਜਿਹੜਾ ਸੱਭ ਤੋਂ ਵੱਡਾ ਸੁਨੇਹਾ ਮਿਲਦਾ ਹੈ ਉਹ ਇਹ ਹੈ ਕਿ ਸਾਨੂੰ ਨਸ਼ੀਲੇ ਪਦਾਰਥਾਂ ਦੇ ਸੰਕਟ ਵੱਲ ਧਿਆਨ ਦੇਣ ਦੀ ਲੋੜ ਹੈ। ਜਦਕਿ ਹੁਣ ਜਦੋਂ ਅਸੀਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਜਾ ਰਹੇ ਹਾਂ ਤਾਂ ਸਾਨੂੰ ਸ਼ਰਾਬ ਬਾਰੇ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਕੈਨੇਡੀਅਨ ਸਮਾਜ ਨੂੰ ਇਸ ਕਾਰਨ ਵੀ ਖਮਿਆਜਾ ਭੁਗਤਣਾ ਪੈ ਰਿਹਾ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ 2007 ਵਿੱਚ ਜੇ ਸ਼ਰਾਬ ਦੀ ਵਰਤੋਂ 369 ਡਾਲਰ ਪ੍ਰਤੀ ਵਿਅਕਤੀ ਸੀ ਤਾਂ 2014 ਵਿੱਚ ਇਹ ਖਰਚਾ ਵੱਧ ਕੇ 412 ਡਾਲਰ ਪ੍ਰਤੀ ਵਿਅਕਤੀ ਹੋ ਗਿਆ। ਇਹ ਵੀ ਪਾਇਆ ਗਿਆ ਕਿ 2014 ਵਿੱਚ ਸ਼ਰਾਬ ਦੀ ਵਰਤੋਂ ਕਾਰਨ 65 ਸਾਲ ਦੀ ਔਸਤ ਉਮਰ ਵਿੱਚ 14,827 ਲੋਕ ਮੌਤ ਦੇ ਮੂੰਹ ਜਾ ਪਏ। ਤੰਬਾਕੂ ਦੀ ਵਰਤੋਂ ਕਾਰਨ ਕੈਨੇਡਾ ਵਿੱਚ 74 ਸਾਲ ਦੀ ਉਮਰ ਤੱਕ ਮਰਨ ਵਾਲਿਆਂ ਦੀ ਗਿਣਤੀ 47,562 ਤੱਕ ਪਹੁੰਚ ਚੁੱਕੀ ਹੈ। ਕੈਨਾਬਿਸ ਕਾਰਨ ਕੈਨੇਡਾ ਵਿੱਚ 8,851 ਮੌਤਾਂ ਹੋਈਆਂ ਜਦਕਿ 2396 ਮੌਤਾਂ ਔਸਤਨ 45 ਸਾਲ ਦੀ ਉਮਰ ਵਿੱਚ ਹੋਈਆਂ।
ਉਨ੍ਹਾਂ ਆਖਿਆ ਕਿ ਹੁਣ ਜਦੋਂ ਅਕਤੂਬਰ ਵਿੱਚ ਕੈਨੇਡਾ ਵਿੱਚ ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਮਿਲ ਜਾਵੇਗੀ ਤਾਂ ਰਿਸਰਚਰਜ਼ ਨਵੇਂ ਡਾਟਾ ਦਾ ਵੀ ਹਿਸਾਬ ਰੱਖਣਗੇ।