ਟੋਰਾਂਟੋ, 

ਕੈਨੇਡਾ ਦੇ ਬਰੈਂਪਟਨ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਸਥਾਨਕ ਗੌਰੀ ਸ਼ੰਕਰ ਮੰਦਰ ਦੀ ਭੰਨਤੋੜ ਕੀਤੀ ਹੈ ਜਿਸ ਮਗਰੋਂ ਮੰਦਰ ਦੇ ਬਾਨੀ ਤੇ ਪੁਜਾਰੀ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕੈਨੇਡਾ ’ਚ ਜੋ ਵੀ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹਨ ਉਨ੍ਹਾਂ ਦਾ ਪਾਸਪੋਰਟ ਰੱਦ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਲੰਘੀ ਰਾਤ ਸਥਾਨਕ ਮੰਦਰ ’ਚ ਭੰਨਤੋੜ ਕਰਨ ਤੋਂ ਬਾਅਦ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਦੋ ਦਹਾਕਿਆਂ ਤੋਂ ਸ਼ਹਿਰ ’ਚ ਰਹਿ ਰਹੇ ਧੀਰੇਂਦਰ ਤ੍ਰਿਪਾਠੀ ਨੇ ਕੈਨੇਡਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਦਰ ’ਚ ਭੰਨਤੋੜ ਕਰਨ ਵਾਲਿਆਂ ਅਤੇ ਉਸ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਨ੍ਹਾਂ ਗਤੀਵਿਧੀਆਂ ਕਾਰਨ ਭਾਰਤੀ ਭਾਈਚਾਰੇ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਜਿਸ ਸੜਕ ’ਤੇ ਮੰਦਰ ਸਥਿਤ ਹੈ ਉਸ ’ਤੇ ਕੈਮਰੇ ਨਹੀਂ ਲੱਗੇ ਹੋਏ। 

ਤ੍ਰਿਪਾਠੀ ਨੇ ਕਿਹਾ, ‘ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਭਾਰਤੀਆਂ ਦਾ ਪਾਸਪੋਰਟ ਰੱਦ ਕਰਨ ਅਤੇ ਕੈਨੇਡਾ ਦਾ ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਵੀਜ਼ਾ ਨਾ ਦੇਣ ’ਤੇ ਵਿਚਾਰ ਕਰੇ ਤਾਂ ਜੋ ਉਹ ਕਦੀ ਭਾਰਤ ਨਾ ਮੁੜ ਸਕਣ।’ ਉਨ੍ਹਾਂ ਕਿਹਾ, ‘ਸਾਡੇ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਹੌਸਲਾ ਵਧ ਗਿਆ ਹੈ ਅਤੇ ਭਾਈਚਾਰਾ ਉਨ੍ਹਾਂ ਦੀ ਅਗਲੀ ਗਤੀਵਿਧੀ ਨੂੰ ਲੈ ਕੇ ਬੇਯਕੀਨੀ ’ਚ ਹੈ। ਕੈਨੇਡਾ ਸਰਕਾਰ ਨੂੰ ਅਜਿਹੀਆਂ ਗਤੀਵਿਧੀਆਂ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ।’

ਟੋਰਾਂਟੋ ਸਥਿਤ ਭਾਰਤੀ ਕੌਂਸੁਲਟ ਜਨਰਲ ਨੇ ਕਿਹਾ ਕਿ ਉਨ੍ਹਾਂ ਇਸ ਮਸਲੇ ਬਾਰੇ ਕੈਨੇਡਾ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ। ਬਰੈਂਪਟਨ ਦੇ ਮੇਅਰ ਪੈੱਟ੍ਰਿਕ ਬ੍ਰਾਊਨ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੀ ਨਫਰਤੀ ਘਟਨਾ ਦੀ ਉਨ੍ਹਾਂ ਦੇ ਸ਼ਹਿਰ ਜਾਂ ਦੇਸ਼ ’ਚ ਕੋਈ ਥਾਂ ਨਹੀਂ ਹੈ। ਸਾਰੇ ਲੋਕ ਆਪਣੀਆਂ ਧਾਰਮਿਕ ਥਾਵਾਂ ’ਤੇ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ।