ਬਰੈਂਪਟਨ — ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਬੁੱਧਵਾਰ ਦੀ ਸ਼ਾਮ ਨੂੰ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਕਾਰਾਂ ਦੀ ਟੱਕਰ ‘ਚ ਮਾਂ ਅਤੇ ਧੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਮੌਕੇ ‘ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਦੋਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਲੜਕੀ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੂੰ ਸ਼ਾਮ ਤਕਰੀਬਨ 6 ਵਜ ਕੇ 45 ਮਿੰਟ ‘ਤੇ ਹਾਦਸੇ ਦੀ ਸੂਚਨਾ ਮਿਲੀ। ਇਹ ਹਾਦਸਾ ਬਰੈਂਪਟਨ ‘ਚ ਬਰਾਇਡਨ ਬੂਲਵਰਡ ਦੇ ਏਅਰਪੋਰਟ ਰੋਡ, ਉੱਤਰੀ-ਪੱਛਮੀ ਕੈਸਲਮੋਰ ਰੋਡ ‘ਤੇ ਵਾਪਰਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ ਗੰਭੀਰ ਜ਼ਖਮੀ ਹੋਈਆਂ ਮਾਂ-ਧੀ ਦਾ ਘਟਨਾ ਵਾਲੀ ਥਾਂ ‘ਤੇ ਮੁੱਢਲੇ ਇਲਾਜ ਮਗਰੋਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਹਾਲਾਂਕਿ ਪੀਲ ਪੈਰਾ-ਮੈਡੀਕਲ ਦੇ ਬੁਲਾਰੇ ਨੇ ਦੱਸਿਆ ਕਿ ਔਰਤ ਨੂੰ ਬਾਅਦ ਵਿਚ ਟਰਾਮਾ ਸੈਂਟਰ ‘ਚ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਲੜਕੀ ਨੂੰ ਇਲਾਜ ਲਈ ਟੋਰਾਂਟੋ ਦੇ ਹਸਪਤਾਲ ‘ਚ ਲਿਜਾਇਆ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ਮਗਰੋਂ ਏਅਰਪੋਰਟ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਜਾਂਚ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸਬੂਤਾਂ ਨੂੰ ਇਕੱਠਾ ਕੀਤਾ।