ਓਂਟਾਰੀਓ, 28 ਮਈ

ਸਥਾਨਕ ਪੀਲ ਪੁਲੀਸ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਵ ਨਿਸ਼ਾਨ ਸਿੰਘ ਵਜੋਂ ਹੋਈ ਹੈ, ਜਿਸ ਨੇ ਬੀਤੇ ਕੱਲ੍ਹ ਬਰੈਂਪਟਨ ਵਿੱਚ ਦਵਿੰਦਰ ਕੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਛੇ ਵਜੇ ਦਵਿੰਦਰ ਕੌਰ ਨੇ ਜ਼ਖ਼ਮੀ ਹਾਲਤ ਵਿੱਚ 911 ’ਤੇ ਕਾਲ ਕੀਤੀ ਸੀ, ਜਿਸ ਮਗਰੋਂ ਮੌਕੇ ’ਤੇ ਪਹੁੰਚੀ ਪੀਲ ਪੁਲੀਸ ਨੇ ਦਵਿੰਦਰ ਨੂੰ ਮੁਢਲੀ ਸਹਾਇਤਾ ਦਿੱਤੀ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਮ੍ਰਿਤਕਾ ਦੇ ਭਰਾ ਲਖਵਿੰਦਰ ਸਿੰਘ ਵਾਸੀ ਅਮਰੀਕਾ ਨੇ ਦੱਸਿਆ ਕਿ ਦਵਿੰਦਰ ਤੇ ਨਵ ਨਿਸ਼ਾਨ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ ਤੇ ਦੋਵਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚੋਂ ਤਿੰਨ ਬਰੈਂਪਟਨ ਵਿੱਚ ਤੇ ਇੱਕ ਭਾਰਤ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਨਵ ਨਿਸ਼ਾਨ ਸਿੰਘ ਦਵਿੰਦਰ ਨਾਲ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਹ ਤਲਾਕ ਲੈਣਾ ਚਾਹੁੰਦੀ ਸੀ ਅਤੇ ਛੇ ਮਹੀਨੇ ਪਹਿਲਾਂ ਐਮਰਜੈਂਸੀ ਅਧਿਕਾਰੀਆਂ ਨੇ ਦਵਿੰਦਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਦੋਵਾਂ ਨੂੰ ਵੱਖ ਕਰ ਦਿੱਤਾ ਸੀ। ਬੀਤੇ ਕੱਲ੍ਹ ਨਿਸ਼ਾਨ ਸਿੰਘ ਨੇ ਦਵਿੰਦਰ ਨੂੰ ਸਥਾਨਕ ਸਪੈਰੋ ਕੋਰਟ ਤੇ ਚੈਰੀ ਟ੍ਰੀ ਡਰਾਈਵ ਨੇੜੇ ਸਥਿਤ ਸਪੈਰੋ ਪਾਰਕ ਵਿੱਚ ਮਿਲਣ ਲਈ ਸੱਦਿਆ ਸੀ, ਜਿਥੇ ਉਸ ਨੇ ਦਵਿੰਦਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਨਵ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।