ਓਟਾਵਾ— ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਸੰਸਦ ਕੰਪਲੈਕਸ ‘ਚ ਹੀ ਦਿਹਾਂਤ ਹੋ ਗਿਆ। 57 ਸਾਲਾ ਬ੍ਰਾਊਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸਨ ਅਤੇ ਉਹ ਪਾਰਟੀ ਨਾਲ ਸਾਲ 2004 ‘ਚ ਜੁੜੇ ਸਨ।

ਬ੍ਰਾਊਨ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਕਲਾਡਾਇਨ ਅਤੇ ਦੋ ਪੁੱਤ ਚਾਂਸ ਅਤੇ ਟ੍ਰਿਸਟਨ ਹਨ। ਗਾਰਡ ਬ੍ਰਾਊਨ ਦੇ ਦਿਹਾਂਤ ਮਗਰੋਂ ਬੁੱਧਵਾਰ ਦੁਪਹਿਰ ਨੂੰ ਸਾਰੇ ਸੰਸਦ ਮੈਂਬਰ ‘ਹਾਊਸ ਆਫ ਕਾਮਨਜ਼’ ‘ਚ ਇਕੱਠੇ ਹੋਏ ਅਤੇ ਇਕ ਮਿੰਟ ਲਈ ਮੌਨ ਰਹਿ ਕੇ ਉਨ੍ਹਾਂ ਨੇ ਬ੍ਰਾਊਨ ਨੂੰ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।

ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੇ ਬ੍ਰਾਊਨ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਮੇਰੇ ਲਈ ਬਹੁਤ ਦੁੱਖ ਦੀ ਗੱਲ ਹੈ। ਮੈਂ ਆਪਣੇ ਪਿਆਰੇ ਦੋਸਤ ਨੂੰ ਗੁਆ ਲਿਆ ਹੈ। ਇਸ ਖਬਰ ਨਾਲ ਅਸੀਂ ਬਹੁਤ ਟੁੱਟ ਗਏ ਹਾਂ। ਉਨ੍ਹਾਂ ਨੇ ਬ੍ਰਾਊਨ ਦੀ ਪਤਨੀ ਅਤੇ ਬੱਚਿਆਂ ਨੂੰ ਪਏ ਵੱਡੇ ਘਾਟੇ ‘ਤੇ ਦੁੱਖ ਪ੍ਰਗਟ ਕੀਤਾ।