ਓਟਵਾ, 13 ਮਈ : ਪ੍ਰਧਾਨ ਮੰਤਰੀ ਬਣਨ ਉਪਰੰਤ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਅਹੁਦੇ ਤੋਂ ਹਟਾਉਣ ਦਾ ਤਹੱਈਆ ਪ੍ਰਗਟਾਉਣ ਵਾਲੇ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਦੇ ਇਸ ਬਿਆਨ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਖ਼ਤ ਇਤਰਾਜ਼ ਪ੍ਰਗਟਾਇਆ।
ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਇਹ ਜਾਣਦੇ ਹਨ ਕਿ ਦੇਸ਼ ਦੀ ਆਰਥਿਕ ਸਥਿਰਤਾ ਤੇ ਕੌਮਾਂਤਰੀ ਸਾਖ਼ ਲਈ ਸੈਂਟਰਲ ਬੈਂਕ ਦੀ ਆਜ਼ਾਦੀ ਦੀ ਕੀ ਅਹਿਮੀਅਤ ਹੈ? ਟਰੂਡੋ ਨੇ ਆਖਿਆ ਕਿ ਪੌਲੀਏਵਰ ਜਾਂ ਤਾਂ ਇਸ ਨੂੰ ਗਲਤ ਸਮਝ ਰਹੇ ਹਨ ਤੇ ਜਾਂ ਉਹ ਤੱਥਾਂ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ।ਉਨ੍ਹਾਂ ਅੱਗੇ ਆਖਿਆ ਕਿ ਇਹ ਉਸ ਯੁੱਗ ਦੀ ਗੱਲ ਹੈ ਜਿੱਥੇ ਸਾਨੂੰ ਵਧੇਰੇ ਜਿ਼ੰਮੇਵਾਰ ਲੀਡਰਸਿ਼ਪ ਦੀ ਲੋੜ ਹੈ।ਪਰ ਇਹ ਫੈਸਲਾ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਕਰਨਾ ਹੈ ਅਸੀਂ ਨਹੀਂ।
ਜਿ਼ਕਰਯੋਗ ਹੈ ਕਿ ਐਡਮੰਟਨ ਵਿੱਚ ਬੁੱਧਵਾਰ ਰਾਤ ਨੂੰ ਹੋਈ ਬਹਿਸ ਵਿੱਚ ਪੌਲੀਏਵਰ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਜੇ ਉਹ ਜਿੱਤਦੇ ਹਨ ਤਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਕਿਸੇ ਅਜਿਹੇ ਸ਼ਖਸ ਨਾਲ ਬਦਲ ਦੇਣਗੇ ਜਿਸ ਕੋਲ ਮਹਿੰਗਾਈ ਘੱਟ ਕਰਨ ਦਾ ਨੁਸਖਾ ਹੋਵੇ।
ਵੀਰਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਪੁੱਛੇ ਜਾਣ ਉੱਤੇ ਟਰੂਡੋ ਨੇ ਆਖਿਆ ਕਿ ਬੈਂਕ ਆਫ ਕੈਨੇਡਾ ਦੁਨੀਆ ਭਰ ਵਿੱਚ ਸੱਭ ਤੋਂ ਮਜ਼ਬੂਤ, ਸੱਭ ਤੋਂ ਸਥਿਰ ਤੇ ਪੂਰੀ ਸਾਖ਼ ਵਾਲਾ ਬੈਂਕਿੰਗ ਸਿਸਟਮ ਹੈ।ਸਮੇਂ ਦੀ ਸਰਕਾਰ ਤੋਂ ਇਸ ਨੂੰ ਆਜ਼ਾਦ ਰੱਖਿਆ ਜਾਣਾ ਅਹਿਮ ਸਿਧਾਂਤ ਹੈ।ਉਨ੍ਹਾਂ ਆਖਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਦੀ ਸਥਿਰਤਾ ਨਾ ਸਿਰਫ ਕੈਨੇਡੀਅਨਜ਼ ਲਈ ਸਗੋਂ ਕੈਨੇਡੀਅਨ ਬਿਜ਼ਨਸਿਜ਼, ਕੈਨੇਡੀਅਨ ਨਿਵੇਸ਼ਕਾਂ ਤੇ ਨਿਵੇਸ਼ਾਂ, ਕੈਨੇਡਾ ਆਉਣ ਵਾਲੇ ਨਿਵੇਸ਼ਕਾਂ ਲਈ ਕਿੰਨੀ ਅਹਿਮੀਅਤ ਰੱਖਦੀ ਹੈ। ਦੁਨੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਅਜਿਹਾ ਮਜ਼ਬੂਤ ਸੈਂਟਰਲ ਬੈਂਕ ਹੈ ਜਿਹੜਾ ਸਿਆਸੀ ਮਸ਼ੀਨਰੀ ਤੇ ਦਖਲਅੰਦਾਜ਼ੀ ਤੋਂ ਆਜ਼ਾਦ ਹੈ।