ਟੋਰਾਂਟੋ/ਪੇਈਚਿੰਗ, 9 ਮਈ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਚੀਨੀ ਡਿਪਲੋਮੈਟ ਨੂੰ ਕੱਢ ਰਹੀ ਹੈ, ਜਿਸ ’ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਹਾਂਗਕਾਂਗ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਟੋਰਾਂਟੋ ਸਥਿਤ ਡਿਪਲੋਮੈਟ ਸ਼ਿਆਓ ਵੇਈ ਕੋਲ ਦੇਸ਼ ਛੱਡਣ ਲਈ ਪੰਜ ਦਿਨ ਹਨ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ‘ਤੇ ਜਨਤਕ ਤੌਰ ‘ਤੇ ਬੋਲਣ ਦਾ ਅਧਿਕਾਰ ਨਹੀਂ।

ਇਸ ਦੌਰਾਨ ਚੀਨ ਨੇ ਇਸ ਕਾਰਵਾਈ ਦਾ ਬਦਲਾ ਲੈਂਦਿਆਂ ਦੇਸ਼ ਵਿਚਲੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਕੈਨੇਡਾ ਦੀ ਕਾਰਵਾਈ ਦਾ ਮੋੜਵਾਂ ਜੁਆਬ ਦੇਣ ਦਾ ਹੱਕ ਰੱਖਦਾ ਹੈ। ਸ਼ੰਘਾਈ ਦੇ ਵਪਾਰਕ ਕੇਂਦਰ ਵਿੱਚ ਸਥਿਤ ਕੈਨੇਡੀਅਨ ਡਿਪਲੋਮੈਟ ਨੂੰ 13 ਮਈ ਤੱਕ ਚੀਨ ਛੱਡਣ ਲਈ ਕਿਹਾ ਗਿਆ ਹੈ ।