“ਫੈੱਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਤੱਕ 16.2 ਮਿਲੀਅਨ ਤੋਂ ਵੱਧ ਵੈਕਸੀਨ ਖੁਰਾਕਾਂ ਦੀ ਪਹੁੰਚ ਅਤੇ ਵੱਖੋ-ਵੱਖ ਸੂਬਿਆਂ ਅਤੇ ਸ਼ਹਿਰਾਂ ਨੂੰ 18.5 ਮਿਲੀਅਨ ਵੈਕਸੀਨ ਮੁਹੱਈਆ ਕਰਵਾਈਆਂ ਗਈਆਂ ਹਨ।” – ਸੋਨੀਆ ਸਿੱਧੂ
ਕੋਵਿਡ-19 ਦੌਰਾਨ ਦੇਸ਼ ਭਰ ਦੇ ਖੇਤਰਾਂ ਵਿੱਚ ਪੀਪੀਈ, ਰੈਪਿਡ ਟੈਸਟਾਂ ਅਤੇ ਵੈਕਸੀਨ ਪ੍ਰਦਾਨ ਕਰਨ ਦੀ ਕੈਨਡਾ ਫੈੱਡਰਲ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ, 18 ਮਿਲੀਅਨ ਤੋਂ ਵੱਧ ਖੁਰਾਕਾਂ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਦਿੱਤੀਆਂ ਗਈਆਂ ਹਨ, ਅਤੇ 16.2 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਹਫ਼ਤੇ, ਇਕੱਲੇ ਫਾਈਜ਼ਰ ਤੋਂ ਹੀ 2 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਸਤੰਬਰ ਦੇ ਅੰਤ ਤਕ, ਸਾਡੇ ਕੋਲ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਲਈ ਲੋੜੀਂਦੀਆਂ ਖੁਰਾਕਾਂ ਮੌਜੂਦ ਹੋਣਗੀਆਂ।
ਉਹਨਾਂ ਨੇ ਕਿਹਾ ਕਿ ਜੇਕਰ ਓਨਟਾਰੀਓ ਸੂਬੇ ਦੀ ਗੱਲ ਕਰੀਏ ਤਾਂ ਹੁਣ ਤੱਕ 6,350,881 ਕੁੱਲ ਖੁਰਾਕਾਂ ਨਾਲ 4 ਲੱਖ ਦੇ ਕਰੀਬ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ। ਇਸਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪੀਲ ਰੀਜਨ ‘ਚ ਸ਼ਨੀਵਾਰ ਅਤੇ ਐਤਵਾਰ ਨੂੰ “ਡੋਸਿਜ਼ ਆਫਟਰ ਡਾਰਕ” ਕੈਂਪੇਨ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ 32 ਘੰਟੇ ਨਾਨ-ਸਟਾਪ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ ਮਈ ਅੰਤ ਤੱਕ ਸਥਾਨਕ ਨਿਵਾਸੀਆਂ ਨੂੰ 75% ਡੋਜ਼ ਕਵਰੇਜ ਦਿੱਤੇ ਜਾਣ ਦੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੀ ਰਜਿਸਟ੍ਰੇਸ਼ਨ ਲਈ ਪੀਲ ਰੀਜਨ ਦੀ ਵੈਬਸਾਈਟ ‘ਤੇ ਜਾਇਆ ਜਾ ਸਕਦਾ ਹੈ।
“ਵੈਕਸੀਨ ਰੋਲਆਊਟ ਨੂੰ ਲੈਕੇ ਸੋਨੀਆ ਸਿੱਧੂ ਨੇ ਮਾਣਯੋਗ ਮੰਤਰੀ ਅਨੀਤਾ ਆਨੰਦ ਨੂੰ ਕੀਤਾ ਸਵਾਲ”
ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਮਾਣਯੋਗ ਮੰਤਰੀ ਅਨੀਤਾ ਆਨੰਦ ਨੂੰ ਵੈਕਸੀਨੇਸ਼ਨ ਮੁਹਿੰਮ ਅਤੇ ਮਿੱਥੇ ਟੀਚਿਆਂ ਦੀ ਮੌਜੂਦਾ ਸਥਿਤੀ ‘ਤੇ ਸੰਸਦ ‘ਚ ਸਵਾਲ ਕੀਤਾ। ਇਸ ਦੇ ਜਵਾਬ ‘ਚ ਮਿਨਿਸਟਰ ਆਨੰਦ ਨੇ ਕਿਹਾ ਕਿ ਕੈਨੇਡਾ ਫੈੱਡਰਲ ਲਿਬਰ ਸਰਕਾਰ ਵੈਕਸੀਨੇਸ਼ਨ ਨੂੰ ਲੈ ਕੇ ਬਿਲਕੁਲ ਟਰੈਕ ‘ਤੇ ਹੈ ਅਤੇ ਸਤੰਬਰ ਤੱਕ ਹਰ ਕੈਨੇਡੀਅਨ ਜੋ ਵੈਕਸੀਨ ਲਗਵਾਉਣਾ ਚਾਹੁੰਦਾ ਹੈ, ਤੱਕ ਇਸਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ।
ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਅਤੇ ਆਪਣਿਆਂ ਦੀ ਸੁਰੱਖਿਆ ਲਈ ਵੈਕਸੀਨ ਲਗਾਵਉਣ ਲਈ ਰਜਿਸਟਰ ਜਰੂਰ ਕਰਨ। ਇਸਦੇ ਨਾਲ ਹੀ ਉਹਨਾਂ ਨੇ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਵੀ ਕੀਤੀ।