ਕਾਹਿਰਾ/ ਟੋਰਾਂਟੋ,— ਸਾਊਦੀ ਅਰਬ ਨੇ ਕੈਨੇਡਾ ‘ਚ ਇਲਾਜ ਕਰਵਾ ਰਹੇ ਆਪਣੇ ਮਰੀਜ਼ਾਂ ਨੂੰ ਕੈਨੇਡਾ ਦੇ ਹਸਪਤਾਲਾਂ ‘ਚੋਂ ਕੱਢ ਕੇ ਹੋਰ ਦੇਸ਼ਾਂ ਦੇ ਹਸਪਤਾਲਾਂ ‘ਚ ਸ਼ਿਫਟ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਊਦੀ ਅਰਬ ਨੇ ਸਾਰੇ ਡਾਕਟਰੀ ਇਲਾਜ ਪ੍ਰੋਗਰਾਮਾਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਉਹ ਕੈਨੇਡਾ ‘ਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੋਰ ਦੇਸ਼ਾਂ ‘ਚ ਟਰਾਂਸਫਰ ਕਰਨ ਲਈ ਕੰਮ ਕਰ ਰਿਹਾ ਹੈ। ਸਾਊਦੀ ਅਰਬ ਦੀ ਪ੍ਰੈੱਸ ਏਜੰਸੀ ਨੇ ਅਮਰੀਕਾ ਅਤੇ ਕੈਨੇਡਾ ਨਾਲ ਸਿਹਤ ਸੇਵਾਵਾਂ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਡਾਕਟਰ ਫਹਿਦ ਬਿਨ ਇਬਰਾਹਿਮ ਅਲ ਤਮੀਮੀ ਦੇ ਹਵਾਲੇ ਤੋਂ ਬੁੱਧਵਾਰ ਨੂੰ ਤੜਕੇ ਇਹ ਜਾਣਕਾਰੀ ਦਿੱਤੀ। ਉੱਥੇ ਹੀ ਸਾਊਦੀ ਅਰਬ ਨੇ ਕੈਨੇਡਾ ਨਾਲ ਨਵੇਂ ਵਪਾਰਕ ਅਤੇ ਨਿਵੇਸ਼ ਸਬੰਧਾਂ ‘ਤੇ ਵੀ ਰੋਕ ਲਗਾ ਦਿੱਤੀ ਹੈ।

ਸਾਊਦੀ ਅਰਬ ਦੇ ਹੱਕ ‘ਚ ਉਤਰਿਆ ਮਿਸਰ  —
ਕੈਨੇਡਾ ਨਾਲ ਰਾਜਨੀਤਕ ਵਿਵਾਦ ‘ਚ ਮਿਸਰ ਮੰਗਲਵਾਰ ਨੂੰ ਸਾਊਦੀ ਅਰਬ ਦੇ ਸਮਰਥਨ ‘ਚ ਉਤਰ ਆਇਆ ਅਤੇ ਉਸ ਨੇ ਘਰੇਲੂ ਮਾਮਲਿਆਂ ‘ਚ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਖਾੜੀ ਦੇਸ਼ ਨਾਲ ਇਕਜੁੱਟਤਾ ਪ੍ਰਗਟ ਕੀਤੀ। ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ, ”ਉਹ ਸਾਊਦੀ ਅਰਬ ਅਤੇ ਕੈਨੇਡਾ ਵਿਚਕਾਰ ਜਾਰੀ ਸੰਕਟ ਕਾਰਨ ਚਿੰਤਤ ਹਨ, ਜੋ ਖਾੜੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦੇ ਕੁੱਝ ਕੌਮਾਂਤਰੀ ਦੇਸ਼ਾਂ ਦੇ ਨਕਾਰਾਤਮਕ ਰੁਝਾਨ ਦਾ ਨਤੀਜਾ ਹਨ।” 

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਐਤਵਾਰ ਨੂੰ ਓਟਾਵਾ ਤੋਂ ਆਪਣੇ ਅੰਬੈਸਡਰ ਨੂੰ ਵਾਪਸ ਬੁਲਾ ਲਿਆ ਸੀ ਅਤੇ ਰਿਆਦ ‘ਚ ਮੌਜੂਦ ਕੈਨੇਡਾ ਦੇ ਅੰਬੈਸਡਰ ਨੂੰ ਵਾਪਸ ਦੇਸ਼ ਭੇਜਿਆ ਗਿਆ ਸੀ। ਸਾਊਦੀ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਦੇ ਬਾਅਦ ਚੁੱਕਿਆ ਹੈ, ਜਿਸ ‘ਚ ਰਿਆਦ ‘ਚ ਗ੍ਰਿਫਤਾਰ ਕੀਤੇ ਗਏ ਸਿਵਲ ਸੁਸਾਇਟੀ ਦੇ ਵਰਕਰਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੱਸਿਆ ਹੈ। ਪਿਛਲੇ ਬੁੱਧਵਾਰ ਸਾਊਦੀ ਅਰਬ ਨੇ ਮਹਿਲਾ ਅਧਿਕਾਰ ਕਾਰਕੁੰਨ ਸਮਰ ਬਦਾਵੀ ਅਤੇ ਨਾਸਿਮਾ ਅਲ ਸਦਾਹ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਮਈ ਤੋਂ ਦਰਜਨਾਂ ਮਹਿਲਾ ਅਧਿਕਾਰ ਕਾਰਕੁੰਨ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ ਕੈਨੇਡਾ ਨੇ ਸਾਊਦੀ ਅਰਬ ‘ਚ ਮਹਿਲਾ ਅਧਿਕਾਰ ਕਾਰਕੁੰਨਾਂ ਦੀ ਗ੍ਰਿਫਤਾਰੀ ਨੂੰ ਗੰਭੀਰ ਅਤੇ ਚਿੰਤਾਜਨਕ ਦੱਸਿਆ ਅਤੇ ਇਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ, ਜਿਸ ‘ਤੇ ਸਾਊਦੀ ਭੜਕ ਗਿਆ ਅਤੇ ਇਸ ਨੂੰ ਦੇਸ਼ ‘ਚ ਦਖਲਅੰਦਾਜ਼ੀ ਕਰਾਰ ਦਿੱਤਾ।