ਮਾਂਟਰੀਅਲ, 18 ਫਰਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਰੇਬਿਆਈ ਮੁਲਕ ਬਾਰਬਾਡੌਸ ਦਾ ਆਪਣਾ ਦੌਰਾ ਐਨ ਆਖ਼ਰੀ ਮੌਕੇ ਰੱਦ ਕਰ ਦਿੱਤਾ। ਪੂਰਬੀ ਕੈਨੇਡਾ ਵਿਚ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਗੈਸ ਪਾਈਪ ਲਾਈਨ ਪ੍ਰਾਜੈਕਟ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਕਾਰਨ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਟਰੂਡੋ ਸੋਮਵਾਰ ਤੇ ਮੰਗਲਵਾਰ ਲਈ ਬਾਰਬਾਡੌਸ ਦੇ ਦੌਰੇ ’ਤੇ ਜਾ ਰਹੇ ਸਨ ਤੇ ਉੱਥੇ ਉਨ੍ਹਾਂ ਇਕ ਆਲਮੀ ਸਿਖ਼ਰ ਸੰਮੇਲਨ ’ਚ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਸੀਟ ਲਈ ਦਾਅਵਾ ਪੇਸ਼ ਕਰਨਾ ਸੀ। ਟਰੂਡੋ ਨੇ ਸੋਮਵਾਰ ਸਵੇਰੇ ਹੰਗਾਮੀ ਮੀਟਿੰਗ ਸੱਦੀ। ਇਸ ਮੌਕੇ ਵਿੱਤ, ਜਨਤਕ ਸੁਰੱਖਿਆ, ਟਰਾਂਸਪੋਰਟ ਤੇ ਘਰੇਲੂ ਸੇਵਾਵਾਂ ਬਾਰੇ ਮੰਤਰੀ ਸ਼ਾਮਲ ਸਨ। ਵਿਰੋਧੀ ਧਿਰਾਂ ਟਰੂਡੋ ਦੀ ਨਿਖੇਧੀ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ। ਪ੍ਰਦਰਸ਼ਨਕਾਰੀ ਸੜਕਾਂ, ਰੇਲ ਦੇ ਬੰਦਰਗਾਹਾਂ ’ਤੇ ਆਵਾਜਾਈ ਠੱਪ ਕਰ ਰਹੇ ਹਨ। ਉਨ੍ਹਾਂ ਕੁਝ ਸਰਕਾਰੀ ਦਫ਼ਤਰਾਂ ’ਤੇ ਵੀ ਕਬਜ਼ਾ ਕੀਤਾ ਹੈ ਤੇ ‘ਸ਼ੱਟ ਡਾਊਨ ਕੈਨੇਡਾ’ ਦੇ ਨਾਅਰੇ ਲਾਏ ਜਾ ਰਹੇ ਹਨ। ਕੈਨੇਡੀਅਨ ਨੈਸ਼ਨਲ ਰੇਲਵੇ ਉੱਤਰੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਇਸ ਰਾਹੀਂ ਅਰਬਾਂ ਡਾਲਰਾਂ ਦਾ ਕਾਰੋਬਾਰ ਹੁੰਦਾ ਹੈ। ਪ੍ਰਦਰਸ਼ਨਕਾਰੀ ਮੂਲਵਾਸੀ ਧੜੇ ਦੇ ਆਗੂਆਂ ਦਾ ਸਮਰਥਨ ਕਰ ਰਹੇ ਹਨ।