ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਹੁਣ ਵਿਸ਼ਵ ਮੰਚ ‘ਤੇ ਆਪਣੀ ਭੂਮਿਕਾ ਨਿਭਾਉਣ ਲਈ ਵਾਪਸ ਪਰਤ ਆਇਆ ਹੈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਕ ਮੁੱਖ ਕੌਂਮਾਤਰੀ ਸ਼ਾਂਤੀ ਸਥਾਪਤੀ ਕਾਨਫਰੰਸ ਭਾਵ ਇੰਟਰਨੈਸ਼ਨਲ ਪੀਸਕਿਪਿੰਗ ਕਾਨਫਰੰਸ ਦੀ ਮੇਜ਼ਬਾਨੀ ਕਰਨ ਜਾ ਰਹੀ ਹੈ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕੈਨੇਡਾ ਸ਼ਾਂਤੀ ਮਿਸ਼ਨ ‘ਚ ਕਿਵੇਂ ਅਤੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਵੇਗਾ। 
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸਰਕਾਰ ਨੇ ਹਾਲੇਂ ਤੱਕ ਇਸ ਮਿਸ਼ਨ ‘ਤੇ ਫੈਸਲਾ ਨਹੀਂ ਕੀਤਾ ‘ਤੇ ਵੈਨਕੂਵਰ ‘ਚ ਨਵੰਬਰ 14 ਅਤੇ 15 ਨੂੰ ਹੋਣ ਜਾ ਰਹੀਂ ਕੌਂਮਾਤਰੀ ਪੀਸਕਿਪਿੰਗ ਕਾਨਫਰੰਸ ਤੋਂ ਪਹਿਲਾਂ ਸੰਭਵ ਨਹੀਂ। ਪਹਿਲਾਂ ਖਬਰਾਂ ਆਈਆਂ ਸਨ ਕਿ ਕੈਨੇਡਾ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ‘ਚ ਆਪਣੇ ਫੌਜੀ ਜਵਾਨ ਭੇਜਣ ਦੀ ਯੋਜਨਾ ਬਣਾਈ ਸੀ ਪਰ ਰੱਖਿਆ ਮੰਤਰੀ ਹਰਜੀਤ ਸਿੰਘ ਨੇ ਕਿਹਾ ਕਿ ਕੈਨੇਡਾ ਨੇ ਪਿਛਲੇ ਸਾਲ ਲੰਡਨ ‘ਚ ਇਸ ਤਰ੍ਹਾਂ ਦੇ ਹੋਏ ਸੰਮੇਲਨ ਤੋਂ ਸਬਕ ਸਿੱਖੇ ਹਨ ਅਤੇ ਸਰਕਾਰ ਨਹੀਂ ਚਾਹੁੰਦੀ ਕਿ ਵੈਨਕੂਵਰ ਕਾਨਫਰੰਸ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਐਲਾਨ ਕੀਤਾ ਜਾਵੇ। ਰੱਖਿਆ ਵਿਭਾਗ ਮੁਤਾਬਕ ਇਸ ਕਾਨਫਰੰਸ ‘ਚ 70 ਦੇਸ਼ਾਂ ਦੇ ਲਗਭਗ 500 ਨੁਮਾਇੰਦਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।