ਪਟਿਆਲਾ, 26 ਮਈ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਹੁਣ ਕੇਂਦਰੀ ਜੇਲ੍ਹ ਪਟਿਆਲਾ ਦੇ ‘ਮੁਣਸ਼ੀ’ ਬਣ ਗਏ ਹਨ। ਜੇਲ੍ਹ ਨਿਯਮਾਂ ਮੁਤਾਬਕ ਹਰ ਤੰਦਰੁਸਤ ਕੈਦੀ ਤੋਂ ਜੇਲ੍ਹ ’ਚ ਕੰਮ ਲਿਆ ਜਾਣਾ ਬਣਦਾ ਹੈ। ਕੰਮ ਦੀ ਚੋਣ ਕੈਦੀ ਦੀ ਕਾਬਲੀਅਤ ਅਤੇ ਮੁਹਾਰਤ ਆਦਿ ਦੇ ਤਹਿਤ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਲਾਈਨ ਵਾਲੇ ਕੈਦੀ ਨੂੰ ਜੇਲ੍ਹ ਹਸਪਤਾਲ, ਅਧਿਆਪਕ ਨੂੰ ਅਧਿਆਪਨ ਖਿੱਤੇ, ਖਿਡਾਰੀ ਨੂੰ ਖੇਡਾਂ ਦੇ ਖੇਤਰ ਤੇ ਕੁੱਕ ਆਦਿ ਨੂੰ ਰਸੋਈ ਘਰ ਨਾਲ ਜੋੜ ਦਿੱਤਾ ਜਾਂਦਾ ਹੈ। ਨਵਜੋਤ ਸਿੱਧੂ ਤੋਂ ਦਫ਼ਤਰੀ ਕੰਮ ਲਏ ਜਾਣ ਦਾ ਫ਼ੈਸਲਾ ਵੀ ਇਸੇ ਹੀ ਕੜੀ ਦਾ ਹਿੱਸਾ ਹੈ। ਕ੍ਰਿਕਟਰ ਰਹੇ ਹੋਣ ਕਰ ਕੇ ਉਹ ਕੈਦੀਆਂ ਨੂੰ ਕ੍ਰਿਕਟ ਅਤੇ ਕੁਮੈਂਟਰੀ ਸਬੰਧੀ ਵੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਨਵਜੋਤ ਸਿੱਧੂ ਨੂੰ ਕੰਮ ਦੀ ਵੰਡ ਸਬੰਧੀ ਭਾਵੇਂ ਉੱੱਚ ਅਧਿਕਾਰੀਆਂ ਵੱਲੋਂ ਹਦਾਇਤ ਜਾਂ ਮਸ਼ਵਰਾ ਦਿੱਤਾ ਹੋ ਸਕਦਾ ਹੈ, ਪਰ ਹਕੀਕੀ ਰੂਪ ’ਚ ਕੰਮ ਦੀ ਵੰਡ ਕਰਨ ਦਾ ਅਧਿਕਾਰ ਜੇਲ੍ਹ ਸੁਪਰਡੈਂਟ ਦੇ ਕੋਲ ਹੀ ਹੁੰਦਾ ਹੈ। ਇਸ ਤਹਿਤ ਉਨ੍ਹਾਂ ਨੇ ਸ੍ਰ੍ਰੀ ਸਿੱਧੂ ਨੂੰ ਇਸ ਬਾਰੇ 20 ਮਈ ਨੂੰ ਜਾਣੂ ਕਰਵਾ ਦਿੱਤਾ ਸੀ ਤੇ ਹੁਣ 21 ਮਈ ਤੋਂ ਬਾਕਾਇਦਾ ਉਨ੍ਹਾਂ ਤੋਂ ਕੰਮ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਦੇ ਕਈ ਹੋਰ ਕੈਦੀਆਂ ਤੋਂ ਵੀ ਦਫ਼ਤਰੀ ਕੰਮ ਲਿਆ ਜਾ ਰਿਹਾ ਹੈ। ਉਹ ਸਾਰੇ ਜੇਲ੍ਹ ਦੀ ਡਿਉਢੀ ’ਚ ਸਥਿਤ ਮੁੱਖ ਦਫ਼ਤਰ ਵਿੱਚ ਮੁਲਾਜ਼ਮਾਂ ਸਣੇ ਪਹੁੰਚ ਕੇ ਇਹ ਕੰਮ ਕਰਦੇ ਹਨ। ਸੂਤਰਾਂ ਤੋਂ ਪ੍ਰ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਇਸ ਕੰਮ ਲਈ ਦਫ਼ਤਰ ’ਚ ਨਹੀਂ ਜਾਣਗੇ। ਬਲਕਿ ਕੰਮ ਵਾਲਾ ਰਜਿਸਟਰ ਉਨ੍ਹਾਂ ਤੱਕ ਭੇਜਿਆ ਜਾਵੇਗਾ। ਇਹ ਵਰਤਾਰਾ ਰੋਜ਼ਾਨਾ ਇਸੇ ਤਰ੍ਹਾਂ ਚੱਲਿਆ ਕਰੇਗਾ। ਸਿੱਧੂ ਅਜਿਹੇ ਇਕਲੌਤੇ ਕੈਦੀ ਹਨ, ਜੋ ਆਪਣੀ ਵਾਰਡ ਵਿਚੋਂ ਹੀ ਕੰਮ ਕਰਨਗੇ। ਜੇਲ੍ਹ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹਾ ਸਿੱਧੂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ ਹੈ।