ਸਾਡੇ ਘਰ ਦੇ ਸਾਹਮਣੇ ਬਹੁਤ ਬੂਟੇ ਲੱਗੇ ਹਨ। ਅਕਸਰ ਬੱਚੇ ਆਉਂਦੇ ਤੇ ਉੱਥੇ ਖੇਡਦੇ। ਸ਼੍ਰਿਸ਼ਟੀ ਵੀ ਰੋਜ਼ ਉਸੇ ਪਾਰਕ ਵਿਚ ਆਉਂਦੀ ਹੈ ਭਾਵੇਂ ਉਸ ਦੀ ਉਮਰ 7-8 ਸਾਲ ਹੈ, ਪਰ ਉਮਰ ਤੋਂ ਕਿਤੇ ਵੱਧ ਸਿਆਣੀ ਤੇ ਸੰਵੇਦਨਸ਼ੀਲ ਕੁੜੀ ਹੈ। ਅਕਸਰ ਜਦ ਵੀ ਪਾਰਕ ਆਉਂਦੀ ਆ ਕੇ ਦੋ ਹੀ ਬੂਟਿਆਂ ਕੋਲ ਬੈਠਦੀ ਹੈ। ਬੂਟਿਆਂ ਨੂੰ ਘੁੱਟ ਕੇ ਕਲਾਵੇ ਵਿਚ ਲੈਂਦੀ ਹੈ ਜਿਵੇਂ ਕਿਸੇ ਆਪਣੇ ਨੂੰ ਮੋਹ ਨਾਲ ਮਿਲਿਆ ਜਾਂਦਾ ਹੈ।

ਇਹ ਬੂਟੇ ਵੀ ਮੈਨੂੰ ਇੰਝ ਲੱਗਦਾ ਜਿਵੇਂ ਹਰ ਰੋਜ਼ ਉਸ ਦੀ ਉਡੀਕ ਕਰਦੇ ਹੋਣ। ਉਸ ਦੇ ਮਿਲਦੇ ਹੀ ਜਿਵੇਂ ਉਹ ਖਿੜ ਜਾਂਦੇ ਨੇ, ਲਹਿਰਾਉਂਦੇ ਨੇ, ਪੱਤੇ ਮਹਿਕਾਂ ਖਿਲਾਰਨ ਲੱਗਦੇ ਨੇ। ਉਹ ਵੀ ਆਉਣ ਸਾਰ ਪਾਣੀ ਦਿੰਦੀ ਏ ਇਨ੍ਹਾਂ ਬੂਟਿਆਂ ਨੂੰ।

ਫਿਰ ਕੋਲ ਬੈਠ ਕੇ ਕਿੰਨਾ ਕਿੰਨਾ ਸਮਾਂ ਗੱਲਾਂ ਕਰਦੀ ਏ, ਕਦੇ ਪੱਤਿਆਂ ਨਾਲ, ਕਦੇ ਟਾਹਣੀਆਂ ਨਾਲ। ਆਪਣੇ ਦਿਨ ਦਾ ਸਾਰਾ ਹਾਲ ਸੁਣਾਉਂਦੀ ਹੈ।

ਉਹ ਖੇਡਦੀ ਵੀ ਉਨ੍ਹਾਂ ਹੀ ਬੂਟਿਆਂ ਦੇ ਕੋਲ, ਉਦਾਸ ਹੁੰਦੀ ਤਾਂ ਵੀ ਉਨ੍ਹਾਂ ਕੋਲ ਆ ਕੇ ਰੋਂਦੀ ਤੇ ਜਦੋਂ ਹੀ ਬੂਟੇ ਪੱਤੇ, ਫੁੱਲ ਉਸ ਦੀ ਝੋਲੀ ਸੁੱਟ ਦਿੰਦੇ ਤਾਂ ਉਸ ਦੇ ਚਿਹਰੇ ’ਤੇ ਮੁਸਕਾਨ ਆਉਂਦੀ ਹੈ। ਜਦ ਉਹ ਖਿੜ ਖਿੜ ਹੱਸਦੀ ਹੈ ਤਾਂ ਬੂਟੇ ਵੀ ਉਸ ਦੇ ਨਾਲ ਹੀ ਝੂਮਦੇ ਜਾਪਦੇ ਹਨ।

ਅਕਸਰ ਇਸ ਦ੍ਰਿਸ਼ ’ਚ ਹੁੰਦੀ ਗੱਲਬਾਤ ਨੂੰ ਮੈਂ ਦੂਰੋਂ ਵੇਖਿਆ।

ਇਕ ਦਿਨ ਮੈਥੋਂ ਰਿਹਾ ਨਾ ਗਿਆ। ਮੈਂ ਕੋਲ ਜਾ ਕੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਮੈਨੂੰ ਕਹਿੰਦੀ, ‘‘ਤੁਹਾਨੂੰ ਪਤਾ ਨੇ ਇਨ੍ਹਾਂ ਬੂਟਿਆਂ ਦੇ ਨਾਮ?’’

ਮੈਂ ਵੀ ਉਸ ਦੀਆਂ ਭੋਲੀਆਂ ਜਿਹੀਆਂ ਗੱਲਾਂ ਸੁਣਨ ਦੀ ਇਛੁੱਕ ਸੀ। ਮੈਂ ਕਿਹਾ, ‘‘ਨਹੀਂ, ਤੂੰ ਦੱਸ ਸ਼੍ਰਿਸ਼ਟੀ।’’

ਕਹਿੰਦੀ, ‘‘ਇਕ ਬੂਟਾ ਨੋਨੀ ਨਾਮ ਦਾ, ਦੂਜਾ ਬੂਟਾ ਪਿੱਪਲ ਦਾ। ਨੋਨੀ ਦਾ ਬੂਟਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਹੁੰਦਾ ਏ ਤੇ ਪਿੱਪਲ ਤੋਂ ਸਾਨੂੰ ਵਾਧੂ ਸਾਰੀ (ਆਪਣੀਆਂ ਬਾਹਾਂ ਖਿਲਾਰ ਕੇ) ਆਕਸੀਜਨ ਮਿਲਦੀ ਏ। ਥੋਨੂੰ ਪਤਾ ਇਹ ਬੂਟੇ ਮੈਂ ਅਤੇ ਮੇਰੇ ਦਾਦਾ ਜੀ ਨੇ ਮਿਲ ਕੇ ਲਗਾਏ ਸੀ।’’

ਫਿਰ ਉਦਾਸ ਜਿਹੀ ਹੋ ਗਈ। ਮੈਂ ਕਿਹਾ, ‘‘ਕੀ ਹੋਇਆ ਪੁੱਤ?’’ ਕਹਿੰਦੀ,  ‘‘ਦਾਦਾ ਜੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਹੁਣ ਮੈਂ ਰੋਜ਼ ਪਹਿਲਾਂ ਵਾਂਗ ਹੀ ਇਨ੍ਹਾਂ ਬੂਟਿਆਂ ਦੀ ਦੇਖਭਾਲ ਕਰਦੀ ਹਾਂ। ਮੇਰੇ ਦਾਦਾ ਜੀ ਕਹਿੰਦੇ ਸੀ ਕਿ ਪੁੱਤ ਤੂੰ ਹਮੇਸ਼ਾ ਇਨ੍ਹਾਂ ਬੂਟਿਆਂ ਕੋਲ ਰਹੀਂ।’’

ਫਿਰ ਕਹਿੰਦੀ, ‘‘ਦੀਦੀ, ਮੇਰੇ ਦਾਦਾ ਜੀ ਕਹਿੰਦੇ ਸੀ ਕਿ ਸਾਨੂੰ ਆਪਣੀ ਹਰ ਖ਼ੁਸ਼ੀ ਗ਼ਮੀ ਮੌਕੇ ਪੌਦੇ ਲਗਾਉਣੇ ਚਾਹੀਦੇ ਨੇ। ਤੁਸੀਂ ਦਿਉਂਗੇ ਮੇਰਾ ਸਾਥ? ਮੇਰੇ ਦਾਦਾ ਜੀ ਤਾਂ ਹੁਣ ਮੇਰੇ ਕੋਲ ਹੈ ਨਹੀਂ।’’

ਇਹ ਗੱਲ ਸੁਣ ਕੇ ਮੇਰਾ ਦਿਲ ਮੋਹ ਨਾਲ ਭਰ ਗਿਆ। ਮੈਂ ਘੁੱਟ ਕੇ ਉਸ ਬੱਚੀ ਨੂੰ ਗਲਵਕੜੀ ਵਿਚ ਲੈ ਲਿਆ ਤੇ ਕਿਹਾ, ‘‘ਹਾਂ, ਹੁਣ ਆਪਾਂ ਦੋਵੇਂ ਮਿਲ ਕੇ ਪੌਦੇ ਲਗਾਇਆ ਕਰਾਂਗੇ।’’

ਬੂਟਿਆਂ ਦਾ ਸਾਡੀ ਜ਼ਿੰਦਗੀ ਵਿਚ ਕਿੰਨਾ ਅਹਿਮ ਰੋਲ ਹੈ, ਇਹ ਅੱਜ ਮੈਨੂੰ ਸ਼੍ਰਿਸ਼ਟੀ ਨੇ ਸਿਖਾ ਦਿੱਤਾ। ਉਸ ਨੇ ਕੁਦਰਤ ਨਾਲ ਸਾਡਾ ਰਿਸ਼ਤਾ ਮੈਨੂੰ ਸਮਝਾ ਦਿੱਤਾ।

ਸੰਪਰਕ: 75290-87717