ਨਵੀਂ ਦਿੱਲੀ, 9 ਅਗਸਤ

ਕਾਂਗਰਸ ਨੇ ਅੱਜ ਕਿਹਾ ਹੈ ਕਿ ਉਹ ਆਪਣੀ ਪ੍ਰਸਤਾਵਿਤ ‘ਭਾਰਤ ਜੋੜੋ’ ਯਾਤਰਾ 7 ਸਤੰਬਰ ਤੋਂ ਸ਼ੁਰੂ ਕਰੇਗੀ, ਜੋ ਕਿ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ ‘ਚ ਸਮਾਪਤ ਹੋਵੇਗੀ। ਕੁੱਝ ਹਫ਼ਤੇ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਯਾਤਰਾ ਨਿਰਧਾਰਤ ਮਿਤੀ ਤੋਂ ਪਹਿਲਾਂ ਕੱਢੀ ਜਾਵੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਬਿਆਨ ‘ਚ ਕਿਹਾ, ‘80 ਸਾਲ ਪਹਿਲਾਂ ਅੱਜ ਦੇ ਦਿਨ ਮਹਾਤਮਾ ਗਾਂਧੀ ਦੀ ਅਗਵਾਈ ਅਤੇ ਪ੍ਰੇਰਨਾ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਨੇ ‘ਭਾਰਤ ਛੋੜੋ’ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਨਾਲ ਪੰਜ ਸਾਲ ਬਾਅਦ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਕਾਂਗਰਸ ਨੇ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਆਪਣੀ “ਭਾਰਤ ਜੋੜੋ” ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਪਦਯਾਤਰਾ 12 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਦੀ ਲੰਘੇਗੀ ਤੇ 3,500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹ 150 ਦਿਨਾਂ ਵਿੱਚ ਪੂਰੀ ਹੋਵੇਗੀ।’