ਨਵੀਂ ਦਿੱਲੀ, 13 ਜੂਨ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਈਡੀ ਅੱਗੇ ਪੇਸ਼ੀ ’ਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵੱਡੀ ਗਿਣਤੀ ਵਰਕਰਾਂ ਨੇ ਆਪਣੇ ਨੇਤਾ ਦੇ ਸਮਰਥਨ ਵਿੱਚ ਮਾਰਚ ਕੱਢਿਆ, ਜਿਸ ਤੋਂ ਬਾਅਦ ਪੁਲੀਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੁੱਖ ਵਿਰੋਧੀ ਦਲ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਈਡੀ ਅੱਗੇ ਪੇਸ਼ੀ ’ਤੇ ਪਾਰਟੀ ਦੇ ‘ਸਤਿਆਗ੍ਰਹਿ’ ਨੂੰ ਰੋਕਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਨਵੀਂ ਦਿੱਲੀ ਇਲਾਕੇ ਵਿੱਚ ਅਣਐਲਾਨਿਆ ਆਪਾਤਕਾਲ ਲਗਾ ਦਿੱਤਾ ਹੈ। ਕਾਂਗਰਸ ਦੇ ਮਾਰਚ ਨੂੰ ਦੇਖਦਿਆਂ ਪੁਲੀਸ ਨੇ 24 ਅਕਬਰ ਰੋਡ ਜਾਣ ਵਾਲੇ ਕਈ ਰਸਤਿਆਂ ’ਤੇ ਬੈਰੀਕੇਡ ਲਗਾ ਦਿੱਤੇ ਸੀ ਤੇ ਧਾਰਾ 144 ਲਾਗੂ ਕਰ ਦਿੱਤੀ ਸੀ। ਕਾਂਗਰਸ ਅਨੁਸਾਰ ਪੁਲੀਸ ਨੇ ਅਸ਼ੋਕ ਗਹਿਲੋਤ, ਕੇਸੀ ਵੇਣੂਗੋਪਾਲ, ਰਣਦੀਪ ਸੁਰਜੇਵਾਲਾ, ਸੀਨੀਅਰ ਆਗੂ ਹਰੀਸ਼ ਰਾਵਤ, ਜੈਰਾਮ ਰਮੇਸ਼ ਅਤੇ ਕਈ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਪ੍ਰਿਅੰਗਾ ਗਾਂਧੀ ਨੇ ਤੁਗਲਕ ਰੋਡ ਥਾਣੇ ਪੁਜ ਕੇ ਹਿਰਾਸਤ ਵਿਚ ਲਏ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ।