ਦੁਬਈ, 14 ਸਤੰਬਰ

ਕਤਰ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਨਵੇਂ ਤਾਲਿਬਾਨ ਸ਼ਾਸਕਾਂ ਨੂੰ ਬੇਨਤੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਔਰਤਾਂ ਦੇ ਹੱਕਾਂ ਦਾ ਸਤਿਕਾਰ ਕੀਤਾ ਜਾਵੇ ਤੇ ਨਵੀਂ ਸਰਕਾਰ ਨੂੰ ਮਾਨਤਾ ਦੇਣ ਬਾਰੇ ਸੋਚਣਾ, ਅਜੇ ਜਲਦਬਾਜ਼ੀ ਹੋਵੇਗੀ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੀ ਡਰਾਇਨ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਤਰ ਦੇ ਵਿਦੇਸ਼ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨੇ ਕਿਹਾ ਕਿ ਉਨ੍ਹਾਂ ਕਈ ਮੁਸਲਿਮ ਮੁਲਕਾਂ ਦੀ ਉਦਾਹਰਨ ਤਾਲਿਬਾਨ ਨੂੰ ਦਿੱਤੀ ਹੈ। ਕਤਰ ਦੀ ਉਦਾਹਰਨ ਵੀ ਦਿੱਤੀ ਗਈ ਹੈ ਜਿੱਥੇ ਇਸਲਾਮਿਕ ਢਾਂਚਾ ਹੈ ਤੇ ਔਰਤਾਂ ਨੂੰ ਕਈ ਹੱਕ ਮਿਲੇ ਹੋਏ ਹਨ। ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਕਈ ਨਾਗਰਿਕ ਹਾਲੇ ਵੀ ਅਫ਼ਗਾਨਿਸਤਾਨ ਵਿਚ ਹਨ ਤੇ ਉਹ ਉਨ੍ਹਾਂ ਨੂੰ ਕੱਢਣ ਦਾ ਯਤਨ ਕਰ ਰਹੇ ਹਨ।