ਮਾਸਕੋ, 10 ਜਨਵਰੀ

ਕਜ਼ਾਖ਼ਸਤਾਨ ਵਿਚ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਉਥਲ-ਪੁਥਲ ਵਿਚ 164 ਲੋਕ ਮਾਰੇ ਗਏ ਹਨ। ਪੂਰੇ ਮੁਲਕ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਪੁਲੀਸ ਅਤੇ ਹੋਰ ਬਲਾਂ ਦੇ ਮੁਲਾਜ਼ਮ ਵੀ ਮਾਰੇ ਗਏ ਹਨ। ਅਲਮਾਟੀ ਵਿਚ ਜ਼ਿਆਦਾਤਰ ਮੌਤਾਂ (103) ਹੋਈਆਂ ਹਨ ਜੋ ਕਿ ਮੁਲਕ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮੁਜ਼ਾਹਰਾਕਾਰੀਆਂ ਨੇ ਸਰਕਾਰੀ ਇਮਾਰਤਾਂ ਉਤੇ ਕਬਜ਼ਾ ਕਰ ਲਿਆ ਹੈ ਤੇ ਕੁਝ ਨੂੰ ਅੱਗ ਲਾ ਦਿੱਤੀ ਹੈ। ਮ੍ਰਿਤਕਾਂ ਵਿਚ ਬੱਚੇ ਵੀ ਸ਼ਾਮਲ ਹਨ। ਸੈਂਕੜੇ ਲੋਕ ਜ਼ਖ਼ਮੀ ਵੀ ਹਨ।  ਦੱਸਣਯੋਗ ਹੈ ਕਿ ਦੇਸ਼ ਵਿਚ ਐਲਪੀਜੀ ਦੀਆਂ ਕੀਮਤਾਂ ਕਾਫ਼ੀ ਵਧਣ ਤੋਂ ਬਾਅਦ 2 ਜਨਵਰੀ ਨੂੰ ਰੋਸ ਮੁਜ਼ਾਹਰੇ ਸ਼ੁਰੂ ਹੋਏ ਸਨ। 1991 ਵਿਚ ਸੋਵੀਅਤ ਯੂਨੀਅਨ ਤੋਂ ਵੱਖ ਹੋਣ ਮਗਰੋਂ ਕਜ਼ਾਖ਼ਸਤਾਨ ਉਤੇ ਇਕੋ ਪਾਰਟੀ ਦਾ ਰਾਜ ਹੈ। ਸਰਕਾਰ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਦਬਾ ਦਿੱਤਾ ਜਾਂਦਾ ਹੈ ਜਾਂ ਹਾਸ਼ੀਏ ਉਤੇ ਧੱਕ ਦਿੱਤਾ ਜਾਂਦਾ ਹੈ। ਕਜ਼ਾਖ਼ਸਤਾਨ ਵਿਚ ਕਾਫ਼ੀ ਤੇਲ, ਕੁਦਰਤੀ ਗੈਸ, ਯੂਰੇਨੀਅਮ ਤੇ ਹੋਰ ਖਣਿਜ ਮੌਜੂਦ ਹਨ ਪਰ ਇਸ ਦੇ ਬਾਵਜੂਦ ਵਿੱਤੀ ਸੰਕਟ ਬਣਿਆ ਰਹਿੰਦਾ ਹੈ। 

ਕਜ਼ਾਖ਼ਸਤਾਨ ਦੇ ਰਾਸ਼ਟਰਪਤੀ ਦਫ਼ਤਰ ਮੁਤਾਬਕ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੁਲਕ ਵਿਚ ਹਿੰਸਾ ਪਿਛਲੇ ਹਫ਼ਤੇ ਸ਼ੁਰੂ ਹੋਈ ਸੀ ਤੇ ਰੂਸ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ ਆਪਣੇ ਬਲ ਉੱਥੇ ਭੇਜੇ ਹਨ। ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਯੇਬ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਮਾਰਤਾਂ ਤੋਂ ਮੁਜ਼ਾਹਰਾਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਅਲਮਾਟੀ ਦਾ ਹਵਾਈ ਅੱਡਾ ਵੀ ਬੰਦ ਹੈ। ਇਸੇ ਦੌਰਾਨ ਪੋਪ ਫਰਾਂਸਿਸ ਨੇ ਮਾਮਲਾ ਸੁਲਝਾਉਣ ਲਈ ਸੰਵਾਦ ਦਾ ਸੱਦਾ ਦਿੱਤਾ ਹੈ।