ਮਾਸਕੋ, 6 ਜਨਵਰੀ

ਕਜ਼ਾਖਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮੈਟੀ ਵਿੱਚ ਬੀਤੀ ਰਾਤ ਫੈਲੀ ਅਰਾਜਕਤਾ ਦੌਰਾਨ ਸਰਕਾਰੀ ਇਮਾਰਤਾਂ ਉੱਤੇ ਹਮਲੇ ਕੀਤੇ ਗਏ। ਪੁਲੀਸ ਦੀ ਸਪੋਕਸਪਰਸਨ ਸਲਤਨਤ ਅਜ਼ੀਰਬੇਕ ਅਨੁਸਾਰ ਦਰਜਨਾਂ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਉਹ ਸਟੇਟ ਨਿਊਜ਼ ਚੈਨਲ ਖਬਰ-24 ’ਤੇ ਸੰਬੋਧਨ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਬੁੱੱਧਵਾਰ ਰਾਤ ਨੂੰ ਸਰਕਾਰੀ ਇਮਾਰਤਾਂ ’ਤੇ ਹਮਲਾ ਕੀਤਾ ਤੇ ਮੇਅਰ ਦੀ ਬਿਲਡਿੰਗ ’ਤੇ ਵੀ ਕਬਜ਼ਾ ਕਰ ਲਿਆ ਜਿਸ ਨੂੰ ਅੱਗ ਲਗਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਤਿੰਨ ਦਹਾਕੇ ਪਹਿਲਾਂ ਆਜ਼ਾਦੀ ਪ੍ਰਾਪਤ ਕਰਨ ਵਾਲੇ ਕਜ਼ਾਖਸਤਾਨ ਵਿੱਚ ਇਸ ਸਮੇਂ ਸਭ ਤੋਂ ਭਿਆਨਕ ਦੰਗੇ ਹੋ ਰਹੇ ਹਨ। ਦੇਸ਼ ਵਿੱਚ ਸਰਕਾਰੀ ਇਮਾਰਤਾਂ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਕਾਨੂੰਨ ਲਾਗੂ ਕਰਨ ਵਾਲੇ 8 ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਰੂਸ ਨੇ ਕਿਹਾ ਹੈ ਕਿ ਉਹ ਕਜ਼ਾਖਸਤਾਨ ਵਿੱਚ ਸ਼ਾਂਤੀ ਬਹਾਲੀ ਲਈ ਆਪਣੀਆਂ ਫੌਜਾਂ ਭੇਜੇਗਾ।