ਟੋਰਾਂਟੋ— ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਹੋਣ ਵਾਲੀਆਂ ਚੋਣਾਂ ‘ਚ ਸਿਰਫ ਇਕ ਦਿਨ ਬਾਕੀ ਰਹਿ ਗਿਆ ਹੈ। ਇਸ ਦੌਰਾਨ ਓਨਟਾਰੀਓ ਪ੍ਰੋਗਰੈਸਿਵ ਪਾਰਟੀ ਦੇ ਆਗੂ ਡਗ ਫੋਰਡ ਨੇ ਪੂਰਾ ਭਰੋਸਾ ਜ਼ਾਹਿਰ ਕੀਤਾ ਹੈ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਪੀਸੀ ਪਾਰਟੀ ਆਪਣੇ ਸਾਰੇ ਟੀਮ ਮੈਂਬਰਾਂ ਦੇ ਨਾਲ ਸਰਕਾਰ ਚਲਾਉਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਸਰਵੇ ‘ਚ ਡਗ ਫੋਰਡ ਨੂੰ ਓਨਟਾਰੀਓ ਚੋਣਾਂ ‘ਚ ਸਭ ਤੋਂ ਅੱਗੇ ਦੱਸਿਆ ਗਿਆ ਹੈ। 
ਆਪਣੇ ਬਿਆਨ ‘ਚ ਫੋਰਡ ਨੇ ਕਿਹਾ ਕਿ ਸਾਡੇ ਉਮੀਦਵਾਰਾਂ ‘ਚ ਪਬਲਿਕ ਸਰਵੈਂਟਸ, ਮੇਜਰਜ਼ ਤੇ ਕੈਬਨਿਟ ਮੰਤਰੀ (ਆਪਣੇ ਕਈ ਦਹਾਕਿਆਂ ਦੇ ਤਜਰਬੇ ਨਾਲ), ਨਿੱਕੇ ਕਾਰੋਬਾਰੀ, ਅਧਿਆਪਕ, ਡਾਕਟਰ, ਨਰਸਾਂ, ਵਕੀਲ, ਪੱਤਰਕਾਰ, ਪੁਲਿਸ ਅਧਿਕਾਰੀ, ਸੀਨੀਅਰ ਸੈਨਿਕ ਆਦਿ ਸ਼ਾਮਲ ਹਨ। ਇਹ ਸਾਰੇ ਨਵੀਂ ਸਰਕਾਰ ਬਣਨ ‘ਤੇ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਫੋਰਡ ਨੇ ਐਨਡੀਪੀ ਦੀ ਆਲੋਚਨਾ ਕਰਦਿਆਂ ਆਖਿਆ ਕਿ ਉਸ ਪਾਰਟੀ ਵਲੋਂ ਹਮਲਾਵਰ ਤੇ ਕੱਟੜਪੰਥੀ ਸੋਚ ਵਾਲੇ ਉਮੀਦਵਾਰਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਹੈ। ਫੋਰਡ ਨੇ ਆਖਿਆ ਕਿ ਆਪਣੇ ਉਮੀਦਵਾਰਾਂ ਤੋਂ ਜਵਾਬਦੇਹੀ ਲਈ ਐਂਡਰੀਆ ਹੌਰਵਥ ਕੋਲ ਕਈ ਹਫਤਿਆਂ ਦਾ ਸਮਾਂ ਸੀ। ਉਹ ਦਿਖਾ ਸਕਦੀ ਸੀ ਕਿ ਉਸ ਦੀ ਪਾਰਟੀ ਬਿਹਤਰ ਲਈ ਬਦਲ ਚੁੱਕੀ ਹੈ।
ਫੋਰਡ ਨੇ ਓਨਟਾਰੀਓ ਦੇ ਲੋਕਾਂ ਵਿਸ਼ਵਾਸ ਦਿਵਾਇਆ ਕਿ ਸਿਰਫ ਪੀਸੀ ਟੀਮ ‘ਤੇ ਹੀ ਭਰੋਸਾ ਕੀਤਾ ਜਾ ਸਕਦਾ ਹੈ ਤੇ ਸਾਡੇ ਕੋਲ ਲੋਕਾਂ ਲਈ ਪਲਾਨ ਹੈ। ਉਨ੍ਹਾਂ ਨੇ ਗੈਸ ਦੀਆਂ ਕੀਮਤਾਂ ਪ੍ਰਤੀ ਲੀਟਰ 10 ਸੈਂਟ ਘੱਟ ਕਰਨ, ਮੱਧ ਵਰਗ ਲਈ ਇਨਕਮ ਟੈਕਸ 20 ਫੀ ਸਦੀ ਘਟਾਉਣ, ਹਾਈਡਰੋ ਬਿੱਲ 12 ਫੀ ਸਦੀ ਘਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਤਰ ਨੌਕਰੀਆਂ ਸਿਰਜਣ ਲਈ ਤਿਆਰ ਹੈ। ਤੁਹਾਡੀ ਜੇਬ ‘ਚ ਜ਼ਿਆਦਾ ਪੈਸੇ ਹੋਣਗੇ, ਬਿਹਤਰ ਸਿਹਤ ਸੰਭਾਲ ਹੋਵੇਗੀ ਤੇ ਬਿਹਤਰ ਸਿੱਖਿਆ ਮਿਲੇਗੀ। ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਓਨਟਾਰੀਓ ਵਾਸੀਆਂ ਨੂੰ 7 ਜੂਨ ਨੂੰ ਉਨ੍ਹਾਂ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।