ਓਨਟਾਰੀਓ— ਇਥੋਂ ਦੇ 24 ਕਾਲਜਾਂ ਦੀ ਫੈਕਲਟੀ ਨੇ ਐਤਵਾਰ ਦੇਰ ਰਾਤ ਹੜਤਾਲ ਦਾ ਐਲਾਨ ਕੀਤਾ, ਜਿਸ ਕਾਰਨ ਓਨਟਾਰੀਓ ‘ਚ 5 ਲੱਖ ਤੋਂ ਵਧ ਵਿਦਿਆਰਥੀ ਪ੍ਰਭਾਵਿਤ ਹੋਣਗੇ, ਜਿਨ੍ਹਾਂ ‘ਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। 
ਓਨਟਾਰੀਓ ਪਬਲਿਕ ਸਰਵਿਸਸ ਇੰਪਲਾਈਜ਼ ਯੂਨੀਅਨ ਨੇ ਕਿਹਾ ਕਿ ਦੋਵਾਂ ਧਿਰਾਂ ‘ਚ ਬੀਤੇ ਕੁਝ ਸਮੇਂ ਤੋਂ ਚੱਲੇ ਆ ਰਹੇ ਮੱਤਭੇਦਾਂ ਦਾ ਸੋਮਵਾਰ ਸਵੇਰ ਤੱਕ ਹੱਲ ਨਹੀਂ ਨਿਕਲ ਸਕਿਆ। ਯੂਨੀਅਨ ਦੇ ਮੈਂਬਰ ਨਿਕੋਲ ਜ਼ਵੇਅਰਜ਼ ਨੇ ਕਿਹਾ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋਣ ‘ਤੇ ਅਫਸੋਸ ਹੈ। ਕਾਲਜ ਇੰਪਲਾਇਰ ਕੌਂਸਲ ਨੇ ਕਿਹਾ ਕਿ ਯੂਨੀਅਨ ਨੇ ਸਾਲਾਨਾ ਖਰਚੇ ‘ਚ 250 ਮਿਲੀਅਨ ਡਾਲਰ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ। ਯੂਨੀਅਨ ਨੇ ਸ਼ਨੀਵਾਰ ਰਾਤ ਨੂੰ ਇਕ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ‘ਚ ਨੌਕਰੀ ਦੀ ਸੁਰੱਖਿਆ ‘ਚ ਸੁਧਾਰ ਲਿਆਉਣ ਤੇ ਫੈਕਲਟੀ ਨੂੰ ਐਕੇਡਮਿਕ ਫੈਸਲਿਆਂ ‘ਚ ਆਵਾਜ਼ ਬੁਲੰਦ ਕਰਨ ਲਈ ਕਿਹਾ ਗਿਆ ਸੀ। ਇਸ ਹੜਤਾਲ ‘ਚ 12,000 ਤੋਂ ਵਧ ਪ੍ਰੋਫੈਸਰ, ਇੰਸਟ੍ਰਕਟਰ, ਸਲਾਹਕਾਰ ਤੇ ਲਾਈਬ੍ਰੇਰੀਅਨ ਸ਼ਾਮਲ ਹੋਏ ਹਨ।