ਓਟਵਾ, 7 ਦਸੰਬਰ : ਸਰਕਾਰ ਦੇ ਐਰਾਈਵਕੈਨ ਐਪ ਤੱਕ ਪਹੁੰਚ ਨਾ ਕਰ ਸਕਣ ਵਾਲੇ ਜਾਂ ਇਸ ਵਿੱਚ ਆਪਣੀ ਜਾਣਕਾਰੀ ਭਰਨੀ ਭੁੱਲਣ ਵਾਲੇ ਟਰੈਵਲਰਜ਼ ਨੂੰ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਉਹ ਨਿਜੀ ਤੌਰ ਉੱਤੇ ਵੀ ਆਪਣੀਆਂ ਟਰੈਵਲ ਡੀਟੇਲਜ਼ ਮੁਹੱਈਆ ਕਰਵਾ ਸਕਣਗੇ। ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਵੱਲੋਂ ਬਾਰਡਰ ਅਧਿਕਾਰੀਆਂ ਨੂੰ ਨਵੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਟਰੈਵਲਰਜ਼ ਤੋਂ ਇਨ ਪਰਸਨ ਤੌਰ ਉੱਤੇ ਉਨ੍ਹਾਂ ਦੀ ਟਰੈਵਲ ਡੀਟੇਲਜ਼ ਹਾਸਲ ਕਰ ਸਕਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਟਰੈਵਲਰ ਭਾਵੇਂ ਕਿੰਨੇ ਮਰਜ਼ੀ ਸਮੇਂ ਲਈ ਦੇਸ਼ ਤੋਂ ਬਾਹਰ ਰਿਹਾ ਹੋਵੇ, ਕੈਨੇਡਾ ਦਾਖਲ ਹੋਣ ਲਈ ਸਰਕਾਰ ਵੱਲੋਂ ਇਸ ਐਪ ਦੀ ਵਰਤੋਂ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ।ਇਸ ਐਪ ਰਾਹੀਂ ਇਹ ਜਾਣਕਾਰੀ ਇੱਕਠੀ ਕੀਤੀ ਜਾਂਦੀ ਹੈ ਕਿ ਟਰੈਵਲਰ ਕਿੱਥੇ ਗਿਆ, ਉਨ੍ਹਾਂ ਦੇ ਟਰਿੱਪ ਦਾ ਕਾਰਨ, ਉਨ੍ਹਾਂ ਦੀ ਕਾਂਟੈਕਟ ਸਬੰਧੀ ਜਾਣਕਾਰੀ, ਵੈਕਸੀਨੇਸ਼ਨ ਸਬੰਧੀ ਜਾਣਕਾਰੀ, ਟਰੈਵਲ ਤੋਂ ਪਹਿਲਾਂ ਕੋਵਿਡ-19 ਟੈਸਟ ਰਿਜ਼ਲਟਸ ਤੇ ਇੱਕ ਵਾਰੀ ਕੈਨੇਡਾ ਪਹੁੰਚਣ ਉਪਰੰਤ ਉਨ੍ਹਾਂ ਦੇ ਕੁਆਰਨਟੀਨ ਸਬੰਧੀ ਪਲੈਨ ਆਦਿ।
ਇਹ ਜਾਣਕਾਰੀ ਦੇਣ ਵਿੱਚ ਅਸਫਲ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਤੱਕ ਦੇਸ਼ ਵਿੱਚ ਦਾਖਲ ਹੋਣ ਲਈ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਜਾਂਦਾ ਰਿਹਾ ਹੈ। ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਹੋਰਨਾਂ, ਜਿਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦਾ ਅਧਿਕਾਰ ਹੈ, ਨੂੰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਹੁਣ ਤੱਕ ਦੋ ਹਫਤਿਆਂ ਲਈ ਕੁਆਰਨਟੀਨ ਕਰਨਾ ਪੈਂਦਾ ਸੀ।
ਇਸ ਸਬੰਧ ਵਿੱਚ ਕਈ ਸਿ਼ਕਾਇਤਾਂ ਮਿਲਣ ਤੋਂ ਬਾਅਦ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਇਹ ਜਾਣਕਾਰੀ ਦਿੱਤੀ ਕਿ ਇਸ ਸਬੰਧ ਵਿੱਚ ਤਬਦੀਲੀਆਂ ਕਰਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਟਰੈਵਲਰਜ਼ ਤੋਂ ਇਨ ਪਰਸਨ ਜਾਣਕਾਰੀ ਹਾਸਲ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।