ਮੁੰਬਈ:ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਅੱਜ ਇੱਥੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਊਧਮ’ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਕਰਨ ਦੀ ਚੋਣ ਨੂੰ ਕੋਈ ਗਲਤੀ ਨਹੀਂ ਸਮਝਦੇ, ਸਗੋਂ ਇਹ ਫਿਲਮ ਦੇ ਹਿੱਤ ਵਿੱਚ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਹੈ। ਵਿੱਕੀ ਕੌਸ਼ਲ ਦੀ ਭੂਮਿਕਾ ਵਾਲੀ ਇਹ ਫਿਲਮ 16 ਅਕਤੂਬਰ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ। ‘ਸਰਦਾਰ ਊਧਮ’ ਦੀ ਸ਼ੂਟਿੰਗ 2019 ਵਿੱਚ ਮੁਕੰਮਲ ਹੋ ਗਈ ਸੀ ਅਤੇ ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ। ਅੱਜ ਇੱਥੇ ਫਿਲਮ ਦਾ ਟਰੇਲਰ ਰਿਲੀਜ਼ ਕਰਨ ਮੌਕੇ ਸਰਕਾਰ ਨੇ ਕਿਹਾ, ‘‘ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ ਅਤੇ ‘ਸਰਦਾਰ ਊਧਮ’ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ। ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਕੀਤੀ ਸੀ ਤਾਂ ਹਾਲਾਤ ਅਜਿਹੇ ਨਹੀਂ ਸੀ। ਅਸੀਂ ਫਿਲਮ ਸਿਨੇਮਾ ਘਰਾਂ ਲਈ ਬਣਾਈ ਸੀ। ਮੈਨੂੰ ਕੋਈ ਪਛਤਾਵਾ ਨਹੀਂ ਹੈ ਕਿ ਹੁਣ ਇਸ ਨੂੰ ਅਸੀਂ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਕਰ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗਲਤੀ ਹੈ, ਜੋ ਮੈਂ ਕਰ ਰਿਹਾ ਹਾਂ।’’ ਫਿਲਮਸਾਜ਼ ਸ਼ੁਜੀਤ ਸਰਕਾਰ ਦੀ ਡਿਜੀਟਲ ਪਲੇਟਫਾਰਮ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਈ ਪਹਿਲੀ ਫਿਲਮ ‘ਗੁਲਾਬੋ ਸੀਤਾਬੋ’ ਸੀ, ਜਿਸ ਵਿੱਚ ਅਮਿਤਾਭ ਬੱਚਨ ਅਤੇ ਆਯੂਸ਼ਮਾਨ ਖੁਰਾਣਾ ਨੇ ਕੰਮ ਕੀਤਾ ਸੀ।