ਓਟਾਵਾ— ਮਾਵੇਰਿਕ ਐੱਮ.ਪੀ. ਮੈਕਮਿਸ ਬਰਨਅਰ ਵੱਲੋਂ ਲਿਬਰਲ ਪਾਰਟੀ ਦੇ ‘ਲਿਬਰਲ ਮਲਟੀਕਲਚਰਲਿਜ਼ਮ’ ਸਬੰਧੀ ਕੀਤੀ ਨਿੰਦਾਯੋਗ ਟਿੱਪਣੀ ਤੋਂ ਬਾਅਦ ਕੰਜ਼ਰਵੇਟਿਵ ਨੇਤਾ ਐਂਡਰਿਊ ਸ਼ੀਅਰ ‘ਤੇ ਉਸ ਦੇ ਬਿਆਨ ਦੀ ਨਿੰਦਾ ਕਰਨ ਤੇ ਉਸ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਦਬਾਅ ਬਣਾਇਆ ਹੋਇਆ ਹੈ। ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਬਰਨਅਰ ਵੱਲੋਂ ਫੁੱਟ ਪਾਉਣ ਵਾਲੇ ਸ਼ਬਦਾਂ ਸਬੰਧੀ ਉਹ ਸ਼ੀਅਰ ਵੱਲੋਂ ਕੋਈ ਜ਼ਿੰਮੇਵਾਰਾਨਾ ਕਦਮ ਚੁੱਕੇ ਜਾਣ ਦੀ ਉਡੀਰ ਕਰ ਰਿਹਾ ਹੈ।  ਜਗਮੀਤ ਸਿੰਘ ਨੇ ਇਸ ਸਬੰਧੀ ਲਿਖਿਆ ਸੀ ਕਿ ਬਰਨਅਰ ਦੇ ਅਜਿਹੇ ਬਿਆਨ ਤੋਂ ਕਾਫੀ ਜ਼ਿਆਦਾ ਨਿਰਾਸ ਹੈ ਤੇ ਸ਼ੀਅਰ ਵੱਲੋਂ ਇਸ ‘ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰਨਾ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਲਈ ਕਾਫੀ ਖਤਰਨਾਕ ਸੁਨੇਹੇ ਦਾ ਕੰਮ ਕਰ ਰਿਹਾ ਹੈ। ਵੱਖ-ਵੱਖ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਕੈਨੇਡਾ ‘ਚ ਵਸਦੇ ਬੱਚਿਆਂ ‘ਤੇ ਇਸ ਨਿੰਦਾਯੋਗ ਸੁਨੇਹੇ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਉਹ ਇਹ ਸੁਣਨਾ ਪਸੰਦ ਕਰਨਗੇ ਕਿ ਉਨ੍ਹਾਂ ਦਾ ਦੇਸ਼ ਉਨ੍ਹਾਂ ‘ਚੋਂ ਹੀ ਹੋਰ ਆਗੂਆਂ ਦੀ ਮੰਗ ਕਰਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਰਨਅਰ ਨੇ ਆਪਣੇ ਟਵੀਟਰ ‘ਤੇ ਲਿਖਿਆ ਸੀ ਕਿ ਪਾਰਟੀ ‘ਚ ਬਹੁ ਸੱਭਿਆਚਾਰਕਵਾਦ ਨੂੰ ਹੁੰਗਾਰਾ ਦੇਣਾ ਦੇਸ਼ ਨੂੰ ਛੋਟੇ-ਛੋਟੇ ਹਿੱਸਿਆਂ ‘ਚ ਵੰਡਣ ‘ਚ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਵਿਨੀਪੈਗ ‘ਚ ਇਕ ਪਾਰਕ ਦਾ ਨਾਂ ਪਾਕਿਸਤਾਨੀ ਵਿਅਕਤੀ ਦੇ ਨਾਂ ‘ਤੇ ਰੱਖਣ ਸਬੰਧੀ ਫੈਸਲੇ ‘ਤੇ ਵੀ ਇਤਰਾਜ਼ ਜਾਹਿਰ ਕੀਤਾ ਸੀ। ਨਾਲ ਹੀ ਉਸ ਨੇ ਵਿਕਟੋਰੀਆ ਸਿਟੀ ਹਾਲ ਦੇ ਸਾਹਮਣਿਓਂ ਸਰ ਜੌਨ ਏ. ਮੈਕਡੋਨਲਡ ਦਾ ਬੁੱਤ ਹਟਾਉਣ ਸਬੰਧੀ ਵੀ ਕਾਫੀ ਨਿੰਦਾਯੋਗ ਟਿੱਪਣੀ ਕੀਤੀ ਸੀ।