ਗੁਰੂਗ੍ਰਾਮ, 7 ਮਈ
ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਜੇਕਰ ਏਐਫਸੀ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਉਨ੍ਹਾਂ ਨੂੰ ਅਗਲੇ ਛੇ ਮਹੀਨਿਆਂ ਵਿੱਚ ਤਕੜੀਆਂ ਟੀਮਾਂ ਖ਼ਿਲਾਫ਼ ਦੇਸ਼ ਅਤੇ ਵਿਦੇਸ਼ ਵਿੱਚ ਵੱਧ ਤੋਂ ਵੱਧ ਕੌਮਾਂਤਰੀ ਮੈਚ ਖੇਡਣਗੇ ਹੋਣਗੇ। ਛੇਤਰੀ ਨੇ ਕਿਹਾ ਕਿ ਅਗਲੇ ਸਾਲ ਸੰਯੁਕਤ ਅਰਬ ਅਮੀਰਾਤ ਵਿੱਚ ਪੰਜ ਜਨਵਰੀ ਤੋਂ ਪਹਿਲੀ ਫਰਵਰੀ ਤਕ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਨੂੰ ਬਿਹਤਰ ਤਿਆਰੀ ਕਰਨੀ ਚਾਹੀਦੀ ਹੈ।
ਟੀਮ 2011 ਦੌਰਾਨ ਇਸ ਟੂਰਨਾਮੈਂਟ ਵਿੱਚ ਖੇਡੀ ਸੀ ਅਤੇ ਇਸ ਗੇੜ ਵਿੱਚ ਆਪਣੇ ਸਾਰੇ ਮੈਚ ਵੱਡੇ ਫਰਕ ਨਾਲ ਹਾਰ ਕੇ ਗਰੁੱਪ ਪੜਾਅ ਵਿੱਚ ਹੀ ਬਾਹਰ ਹੋ ਗਈ ਸੀ। ਵਿਸ਼ਵ ਕੱਪ ਕੁਆਲੀਫਾਇਰ ਵਿੱਚ ਭਾਰਤ ਨੂੰ ਇਰਾਨ, ਓਮਾਨ, ਤੁਰਕਮਿਨਿਸਤਾਨ ਅਤੇ ਇੱਥੋਂ ਤਕ ਗੁਆਮ ਤੋਂ ਹਾਰ ਝੱਲਣੀ ਪਈ ਸੀ। ਸਟੀਫਨ ਕਾਂਸਟੇਨਟਾਈਨ ਦੀ ਕੋਚਿੰਗ ਵਾਲੀ ਟੀਮ ਨੇ 10 ਵਿਸ਼ਵ ਕੱਪ ਕੁਆਲੀਫਾਇਰ ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ। ਭਾਰਤ ਨੂੰ ਇਸ ਵਾਰ ਸੰਯੁਕਤ ਅਰਬ ਅਮੀਰਾਤ, ਥਾਈਲੈਂਡ ਅਤੇ ਬਹਿਰੀਨ ਟੀਮਾਂ ਵਾਲੇ ਗਰੁੱਪ ਵਿੱਚ ਥਾਂ ਮਿਲੀ ਹੈ।