ਸਿਓਲ, 18 ਜਨਵਰੀ

ਅਮਰੀਕਾ ਨਾਲ ਕੂਟਨੀਤਕ ਪੱਧਰ ’ਤੇ ਬੰਦ ਪਈ ਗੱਲਬਾਤ ਤੇ ਕਰੋਨਾ ਮਹਾਮਾਰੀ ਕਰਕੇ ਸਰਹੱਦਾਂ ਬੰਦ ਹੋਦ ਦਰਮਿਆਨ ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵਿੱਚ ਦੋ ਸ਼ੱਕੀ ਬੈਲਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਮੁਲਕ ਦੀ ਫੌਜ ਨੇ ਕਿਹਾ ਕਿ ਇਸ ਮਹੀਨੇ ਵਿੱਚ ਇਹ ਹਥਿਆਰਾਂ ਦਾ ਚੌਥਾ ਤਜਰਬਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਜ਼ ਆਫ਼ ਸਟਾਫ ਨੇ ਕਿਹਾ ਕਿ ਸੰਭਵ ਹੈ ਕਿ ਉੱਤਰੀ ਕੋਰੀਆ ਨੇ ਪਿਓਂਗਯਾਂਗ ਕੌਮਾਂਤਰੀ ਹਵਾਈ ਅੱਡੇ ਨੇੜਲੀ ਲੋਕੇਸ਼ਨ ਸੁਨਾਨ ਤੋਂ ਘੱਟ ਫਾਸਲੇ ਵਾਲੀਆਂ ਦੋ ਬੈਲਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਛੱਡੀਆਂ ਮਿਜ਼ਾਈਲਾਂ ਨਾਲ ਅਮਰੀਕੀ ਫੌਜੀ ਅਮਲੇ ਜਾਂ ਖੇਤਰ ਜਾਂ ਫਿਰ ਭਾਈਵਾਲ ਫੌਜਾਂ ਨੂੰ ਕੋਈ ਵੱਡਾ ਖ਼ਤਰਾ ਨਹੀਂ ਹੈ, ਪਰ ਇਸ ਨਾਲ ਉੱਤਰ ਦਾ ‘ਗੈਰਕਾਨੂੰਨੀ’ ਹਥਿਆਰਾਂ ਦਾ ਪ੍ਰੋਗਰਾਮ ਜ਼ਰੂਰ ਅਸਥਿਰ ਹੋ ਸਕਦਾ ਹੈ। ਉਧਰ ਜਾਪਾਨ ਦੇ ਰੱਖਿਆ ਮੰਤਰੀ ਨੋਬੂਓ ਕਿਸ਼ੀਖ ਨੇ ਕਿਹਾ ਕਿ ਦਾਗ਼ੀਆਂ ਮਿਜ਼ਾਈਲਾਂ ਮੁਲਕ ਦੀ ਵਿਸ਼ੇਸ਼ ਆਰਥਿਕ ਜ਼ੋਨ ਦੀ ਸਰਹੱਦ ਤੋਂ ਬਾਹਰ ਡਿੱਗੀਆਂ ਹਨ। ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਤਸੁਨੋ ਨੇ ਉੱਤਰ ਕੋਰੀਆ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਅਮਨ ਲਈ ਵੰਗਾਰ ਦੱਸਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਦੌਰੇ ’ਤੇ ਗਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ-ਇਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਰਿਆਈ ਪਰਾਇਦੀਪ ਦੁਆਲੇ ਸਥਿਰਤਾ ਯਕੀਨੀ ਬਣਾਉਣ ਲਈ ਸਿਖਰਲੇ ਯਤਨ ਜਾਰੀ ਰੱਖਣ।