ਦੁਬਈ, 28 ਜਨਵਰੀ

ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅੱਜ ਇੱਕ ਵਿਅਕਤੀ ਨੇ ਅਜ਼ਰਬਾਇਜਾਨ ਦੇ ਸਫਾਰਤਖਾਨੇ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉੱਥੇ ਤਾਇਨਾਤ ਸੁਰੱਖਿਆ ਮੁਖੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਪਿੱਛਲਾ ਮਕਸਦ ਸਪੱਸ਼ਟ ਹੈ। ਘਟਨਾ ਮਗਰੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਫਾਰਤਖਾਨੇ ਦੇ ਅੰਦਰ ਮੈਟਲ ਡਿਟੈਕਟਰ ਕੋਲ ਇੱਕ ਲਾਸ਼ ਦਿਖਾਈ ਦੇ ਰਹੀ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਹਮਲੇ ਸਬੰਧੀ ਕੋਈ ਤੁਰੰਤ ਜਾਣਕਾਰੀ ਨਹੀਂ ਦਿੱਤੀ। 

ਅਜ਼ਰਬਾਇਜਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਮੁਤਾਬਕ ਹਮਲਾਵਰ ਨੇ ਗੋਲੀਆਂ ਮਾਰ ਕੇ ਇੱਕ ਸੁਰੱਖਿਆ ਚੌਕੀ ਵੀ ਤਬਾਹ ਕਰ ਦਿੱਤੀ। 

ਅਜ਼ਰਬਾਇਜਾਨ ਦੀ ਉੱਤਰ-ਪੱਛਮੀ ਸਰਹੱਦ ਇਰਾਨ ਨਾਲ ਲੱਗਦੀ ਹੈ। ਨਾਗੋਰਨੋ-ਕਾਰਾਬਾਖ ਖੇਤਰ ਨੂੰ ਲੈ ਕੇ ਅਜ਼ਰਬਾਇਜਾਨ ਅਤੇ ਅਰਮੇਨੀਆ ਵਿਚਾਲੇ ਸੰਘਰਸ਼ ਮਗਰੋਂ ਇਰਾਨ ਅਤੇ ਅਜ਼ਰਬਾਇਜਾਨ ਵਿਚਾਲੇ ਤਣਾਅ ਬਣਿਆ ਹੋਇਆ ਹੈ।  ਜ਼ਿਕਰਯੋਗ ਹੈ ਕਿ ਇਸਲਾਮਿਕ ਗਣਰਾਜ ਨੂੰ ਹਿਲਾ ਦੇਣ ਵਾਲੇ ਦੇਸ਼ ਵਿਆਪੀ ਵਿਰੋਧ ਵਿਚਾਲੇ ਇਰਾਨ ਨੇ ਅਕਤੂਬਰ ਵਿੱਚ ਅਜ਼ਰਬਾਇਜਾਨ ਸਰਹੱਦ ਨੇੜੇ ਇੱਕ ਫੌਜੀ ਅਭਿਆਸ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅਜ਼ਰਬਾਇਜਾਨ ਦੇ ਇਜ਼ਰਾਈਲ ਨਾਲ ਨਜ਼ਦੀਕੀ ਸਬੰਧ ਹਨ, ਜਿਸ ਨੂੰ ਤਹਿਰਾਨ ਆਪਣੇ ਮੁੱਖ ਦੁਸ਼ਮਣਾਂ ’ਚੋਂ ਇੱਕ ਮੰਨਦਾ ਹੈ।