ਸੁਖਰਾਜ ਨੂੰ ਆਪਣੇ ਨਾਨਕਿਆਂ ਦੇ ਪਿੰਡ ਸਭ ਤੋਂ ਪਿਆਰੀ ਚੀਜ਼ ਪਿੰਡੋਂ ਬਾਹਰਵਾਰ ਕਈ ਸਾਲ ਪੁਰਾਣਾ ਅੰਬਾਂ ਵਾਲਾ ਇਨਾਮੀ ਬਾਗ਼ ਲੱਗਦਾ ਹੈ। ਗਰਮੀਆਂ ਦੀਆਂ ਛੁੱਟੀਆਂ ਮੁੱਕਦਿਆਂ ਹੀ ਬਰਸਾਤ ਦੇ ਪਹਿਲੇ ਮੀਹਾਂ ਨਾਲ ਬਾਗ਼ ਵਿਚਲੇ ਅੰਬ ਰਸਣੇ ਸ਼ੁਰੂ ਹੋ ਜਾਂਦੇ ਹਨ। ਅੰਬ ਪੱਕਣ ਨਾਲ ਹੀ ਬਾਗ਼ ’ਚ ਅੰਬ ਚੂਪਣ ਦੇ ਸ਼ੌਕੀਨਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਦੂਰੋਂ ਦੂਰੋਂ ਉਸ ਬਾਗ਼ ਦੇ ਅੰਬ ਲੈਣ ਲਈ ਸੁਖਰਾਜ ਦੇ ਨਾਨਕਿਆਂ ਦੇ ਪਿੰਡ ਤੁਰੇ ਹੋਏ ਹੁੰਦੇ ਹਨ। ਸੁਖਰਾਜ ਦੀ ਮੰਮੀ ਉਸ ਨੂੰ ਅਕਸਰ ਦੱਸਦੀ ਹੁੰਦੀ ਹੈ, ‘ਇਹ ਦੇਸੀ ਅੰਬਾਂ ਦਾ ਬਾਗ਼ ਕੋਈ ਸਾਧਾਰਨ ਬਾਗ਼ ਨਹੀਂ ਹੈ। ਇਸ ਦੇ ਬੂਟੇ ਕੋਈ ਸੌ ਡੇਢ ਸੌ ਸਾਲ ਪੁਰਾਣੇ ਹਨ। ਪਿੰਡ ਦੇ ਬਜ਼ੁਰਗਾਂ ਮੁਤਾਬਿਕ ਇਹ ਬਾਗ਼ ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਜ਼ੈਲਦਾਰਾਂ ਨੇ ਲਵਾਇਆ ਸੀ ਤੇ ਜ਼ੈਲਦਾਰ ਬਾਗ਼ ਦੇ ਅੰਬ ਰਾਜੇ ਮਹਾਰਾਜਿਆਂ ਦੇ ਦਰਬਾਰ ’ਚ ਤੋਹਫ਼ਿਆਂ ਦੇ ਰੂਪ ਭੇਜਿਆ ਕਰਦੇ ਸਨ। ਰਾਜੇ ਅੰਬਾਂ ਦੇ ਮਹਿਕਦਾਰ ਸੁਭਾਅ ਤੇ ਰੂਹ ਨੂੰ ਟੁੰਬਣ ਵਾਲੇ ਸੁਆਦ ਤੋਂ ਖੁਸ਼ ਹੋ ਕੇ ਅੰਬਾਂ ਦੇ ਪਾਲਕਾਂ ਨੂੰ ਇਨਾਮ ਸਨਮਾਨ ਦਿਆ ਕਰਦੇ ਸਨ। ਉਦੋਂ ਤੋਂ ਇਸ ਬਾਗ਼ ਦਾ ਨਾਂ ਇਨਾਮੀ ਬਾਗ਼ ਪੈ ਗਿਆ ਹੈ।

ਸੁਖਰਾਜ ਨੂੰ ਵੀ ਨਾਨਕਿਆਂ ਵਾਲੇ ਪਿੰਡ ਦਾ ਇਨਾਮੀ ਬਾਗ਼ ਅੰਬ ਪੱਕਣ ਵਾਲੀ ਰੁੱਤੇ ਮੱਲੋ ਮੱਲੀ ਧੂਹ ਪਾਉਂਦਾ ਰਹਿੰਦਾ ਹੈ। ਉਹ ਅੰਬਾਂ ਦੀ ਰੁੱਤੇ ਜ਼ਿੱਦ ਕਰਕੇ ਅੰਬਾਂ ਦੀ ਮਹਿਕ ਤੇ ਸੁਆਦ ਨੂੰ ਮਾਣਨ ਲਈ ਕੁਝ ਦਿਨ ਨਾਨਕੇ ਪਿੰਡ ਜ਼ਰੂਰ ਜਾਂਦਾ ਹੈ। ਸੁਖਰਾਜ ਨੂੰ ਨਾਨਕਿਆਂ ਦੇ ਪਿੰਡ ਵਾਲੇ ਬਾਗ਼ ’ਚੋਂ ਦੂਰੋਂ ਦੂਰੋਂ ਲੋਕਾਂ ਨੂੰ ਅੰਬ ਲੈਣ ਆਉਂਦਿਆਂ ਦੇਖ ਕੇ ਹੈਰਾਨੀ ਵੀ ਹੁੰਦੀ ਰਹਿੰਦੀ ਹੈ ਤੇ ਉਹ ਪ੍ਰਦੀਪ ਮਾਮੇ ਨੂੰ ਅਕਸਰ ਲੋਕਾਂ ਦੇ ਆਉਣ ਬਾਰੇ ਸਵਾਲ ਪੁੱਛਦਾ ਰਹਿੰਦਾ ਹੈ। ‘ਅੰਬ ਤਾਂ ਸ਼ਹਿਰ ਬਾਜ਼ਾਰ ’ਚੋਂ ਵੀ ਮਿਲ ਜਾਂਦੇ ਆ ਮਾਮਾ ਜੀ, ਪਰ ਲੋਕ ਏਨੀ ਦੂਰੋਂ ਇਸ ਬਾਗ਼ ਦੇ ਹੀ ਅੰਬ ਕਿਉਂ ਲੈਣ ਆਉਂਦੇ ਰਹਿੰਦੇ ਨੇ। ਨਾਲੇ ਆਉਂਦੇ ਵੀ ਸਵੇਰੇ ਸਵੇਰੇ ਆ।’

‘ਪੁੱਤਰ ਇਸ ਬਾਗ਼ ਦੇ ਅੰਬਾਂ ਦਾ ਸੁਆਦ ਤੇ ਦਿਲ ਨੂੰ ਧੂਹ ਪਾਉਣ ਵਾਲੀ ਖੁਸ਼ਬੋ ਹੀ ਇਨ੍ਹਾਂ ਦੀ ਖਾਸੀਅਤ ਹੈ। ਇਨ੍ਹਾਂ ਗੁਣਾਂ ਕਰਕੇ ਹੀ ਪਹਿਲਾਂ ਰਾਜੇ ਤੇ ਫਿਰ ਅੰਗਰੇਜ਼ ਅਫ਼ਸਰ ਇਨ੍ਹਾਂ ਫ਼ਲਾਂ ਦੇ ਦੀਵਾਨੇ ਰਹੇ ਹਨ। ਬਾਜ਼ਾਰੂ ਫ਼ਲਾਂ ਵਾਂਗ ਇਨ੍ਹਾਂ ਨੂੰ ਪਕਾਉਣ ਲਈ ਕੋਈ ਮਸਾਲਾ ਜਾਂ ਦਵਾਈ ਨਹੀਂ ਵਰਤੀ ਜਾਂਦੀ। ਇਹ ਫ਼ਲ ਮੀਂਹ ਦੇ ਛਰਾਟਿਆਂ ਤੇ ਸੂਰਜ ਦੀ ਤਿੱਖੀ ਧੁੱਪ ਦੀਆਂ ਟਕੋਰਾਂ ਨਾਲ ਪੱਕਦੇ ਹਨ। ਅੰਬਾਂ ਦੇ ਸ਼ੌਕੀਨ ਇਨ੍ਹਾਂ ਦਾ ਕੁਦਰਤੀ ਸੁਆਦ ਮਾਣਨ ਲਈ ਹੀ ਦੂਰੋਂ ਦੂਰੋਂ ਆਉਂਦੇ ਹਨ। ਲੋਕਾਂ ਨੂੰ ਸਵੇਰੇ ਜਲਦੀ ਇਸ ਕਰਕੇ ਆਉਣਾ ਪੈਂਦਾ ਏ ਤਾਂ ਜੋ ਦਰੱਖਤਾਂ ਥੱਲਿਓਂ ਰਾਤ ਦੇ ਪੱਕ ਕੇ ਡਿੱਗੇ ਤਾਜ਼ੇ ਤਾਜ਼ੇ ਅੰਬ ਪਹਿਲਾਂ ਪ੍ਰਾਪਤ ਕੀਤੇ ਜਾ ਸਕਣ।’ ਮਾਮਾ ਜੀ ਸੁਖਰਾਜ ਦੇ ਕਈ ਤੌਖਲੇ ਦੂਰ ਕਰਦੇ ਹੋਏ ਦੱਸਦੇ ਹਨ।

‘ਤਾਂ ਫਿਰ ਆਹ ਦੁਕਾਨਾਂ ਵਾਲੇ ਫ਼ਲਾਂ ਨੂੰ ਦਵਾਈਆਂ ਲਾ ਕੇ ਕਿਉਂ ਵੇਚਦੇ ਨੇ ਮਾਮਾ ਜੀ।’ ਮਾਮਾ ਜੀ ਦੀਆਂ ਗੱਲਾਂ ਸੁਣ ਕੇ ਸੁਖਰਾਜ ਦੀ ਉਤਸੁਕਤਾ ਵਧਦੀ ਰਹਿੰਦੀ।

ਭਾਣਜੇ ਦੀਆਂ ਭੋਲੀਆਂ ਤੇ ਪਿਆਰੀਆਂ ਗੱਲਾਂ ਸੁਣ ਕੇ ਮਾਮਾ ਜੀ ਥੋੜ੍ਹਾ ਗੰਭੀਰ ਹੁੰਦਿਆਂ ਆਖਦੇ ਹਨ, ‘ਪੁੱਤਰਾਂ ਇਹੀ ਗੱਲ ਤਾਂ ਮਾੜੀ ਏ ਆਪਣੇ ਲੋਕਾਂ ਦੀ, ਚੀਜ਼ ਦੇ ਪੈਸੇ ਵੀ ਪੂਰੇ ਲੈ ਲੈਂਦੇ ਹਨ ਤੇ ਚੀਜ਼ ਵੀ ਸ਼ੁੱਧ ਨਹੀਂ ਰੱਖਦੇ। ਫ਼ਲਾਂ ਨੂੰ ਛੇਤੀ ਪਕਾ ਕੇ ਵੱਧ ਮੁਨਾਫ਼ਾ ਕਮਾਉਣ ਦੇ ਚੱਕਰ ’ਚ ਵਪਾਰੀ ਕਈ ਤਰ੍ਹਾਂ ਦੀਆਂ ਦਵਾਈਆਂ ਲਾ ਕੇ ਫ਼ਲ ਪਕਾਉਂਦੇ ਹਨ, ਜਿਹੜਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।’

‘ਪਰ ਖਾਣ ਪੀਣ ਵਾਲੇ ਫ਼ਲਾਂ ਨੂੰ ਦਵਾਈਆਂ ਲਾ ਕੇ ਲੋਕਾਂ ਦਾ ਨੁਕਸਾਨ ਕਿਉਂ ਕਰਦੇ ਨੇ। ਲੋਕਾਂ ਦੀ ਵੱਧ ਪੈਸਾ ਕਮਾਉਣ ਦੀ ਭੁੱਖ ਕਿਵੇਂ ਪੂਰੀ ਹੋ ਸਕਦੀ ਏ ਮਾਮਾ ਜੀ।’ ਸੁਖਰਾਜ ਮਾਮਾ ਜੀ ਵੱਲੋਂ ਦੱਸੀਆਂ ਗੱਲਾਂ ਸੁਣ ਕੇ ਸੁਖਰਾਜ ਦੀ ਪਰੇਸ਼ਾਨੀ ਵਧ ਜਾਂਦੀ ਹੈ।

‘ਇਹ ਤਾਂ ਲੋਕਾਂ ਦੀ ਜਾਗਰੂਕਤਾ ਨਾਲ ਹੀ ਸਾਰਾ ਮਸਲਾ ਹੱਲ ਹੋ ਸਕਦਾ ਹੈ। ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਸ਼ਬਜੀਆਂ ਨੂੰ ਤਿਆਰ ਕਰਨ ਵਾਲੇ ਢੰਗ ਤਰੀਕਿਆਂ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਮਿਲਾਵਟ ਵਾਲੀਆਂ ਚੀਜ਼ਾਂ ਨੂੰ ਨਕਾਰ ਕੇ ਚੰਗੀ ਸ਼ੁਰੂਆਤ ਕਰਨੀ ਚਾਹੀਦੀ ਹੈ।’

‘ਇਹ ਤਾਂ ਬੜੀਆਂ ਕੰਮ ਦੀਆਂ ਗੱਲਾਂ ਨੇ ਮਾਮਾ ਜੀ, ਤੁਸੀਂ ਪਹਿਲਾਂ ਕਦੇ ਦੱਸੀਆਂ ਹੀ ਨਹੀਂ। ਇਸ ਹਿਸਾਬ ਨਾਲ ਬੜੀਆਂ ਖੂਬੀਆਂ ਹੋਣਗੀਆਂ ਤੁਹਾਡੇ ਪਿੰਡ ਦੇ ਅੰਬਾਂ ਦੀਆਂ।’ ਸੁਖਰਾਜ ਦੀਆਂ ਗੱਲਾਂ ’ਚ ਮਾਮੇ ਤੋਂ ਅੰਬਾਂ ਬਾਰੇ ਹੋਰ ਜਾਣਕਾਰੀ ਲੈਣ ਦੀ ਉਤਸੁਕਤਾ ਵਧਦੀ ਰਹੀ।

‘ਖੂਬੀਆਂ ਹੀ ਖੂਬੀਆਂ ਨੇ ਇਸ ਬਾਗ਼ ਦੇ ਅੰਬਾਂ ਦੀਆਂ ਪੁੱਤਰਾ। ਆਹ ਜਿਹੜੇ ਤੇਰੇ ਨਾਨਾ ਜੀ ਅੱਜ ਸਵੇਰੇ ਤੇਰੀ ਮੰਮੀ ਲਈ ਸੌ ਰੁਪਏ ਕਿਲੋ ਦੇ ਹਿਸਾਬ ਨਾਲ ਦੋ ਕਿਸਮਾਂ ਦੇ ਅੰਬ ਲੈ ਕੇ ਆਏ ਨੇ ਨਾ ਪੁੱਤਰਾ, ਉਨ੍ਹਾਂ ’ਚੋਂ ਪਹਿਲਾ ਇਨਾਮੀ ਅੰਬ ਹੈ ਜਿਹਨੂੰ ਚੂਪ ਕੇ ਬੰਦੇ ਦੀ ਰੂਹ ਪੁੂਰੀ ਤਰ੍ਹਾਂ ਆਨੰਦਿਤ ਹੋ ਉੱਠਦੀ ਏ ਤੇ ਦੂਜੀ ਕਿਸਮ ਇਨਾਮੀ ਛੱਲੀ ਹੈ ਜਿਹਨੂੰ ਚੂਪ ਚੂਪ ਨਾ ਤਾਂ ਮਨ ਅੱਕਦਾ ਹੈ ਤੇ ਨਾ ਹੀ ਰੂਹ ਭਰਦੀ ਹੈ। ਇਹ ਦੋਵੇਂ ਕਿਸਮਾਂ ਰਾਜਿਆਂ ਦੇ ਇਨਾਮ ਜਿੱਤਦੀਆਂ ਰਹੀਆਂ ਹਨ। ਐਵੇਂ ਨਹੀਂ ਤੇਰੀ ਮੰਮੀ ਅੰਬਾਂ ਦੀ ਰੁੱਤੇ ਇਨ੍ਹਾਂ ਅੰਬਾਂ ਦੀ ਸੌਗਾਤ ਭੇਜਣ ਲਈ ਸ਼ਹਿਰੋਂ ਸੁਨੇਹੇ ਭੇਜਦੀ ਰਹਿੰਦੀ। ਬਚਪਨ ’ਚ ਅੰਬਾਂ ਥੱਲੇ ਬੈਠ ਕੇ ਬਾਲਟੀਆਂ ਭਰ ਭਰ ਕੇ ਦੇਸੀ ਅੰਬਾਂ ਦਾ ਸੁਆਦ ਜੁ ਮਾਣਿਆ ਹੋਇਆ। ਅੱਜਕੱਲ੍ਹ ਤਾਂ ਪੈਸੇ ਦੀ ਦੌੜ ਤੇ ਕੰਮਕਾਰਾਂ ’ਚ ਬੇਆਰਾਮ ਹੋਏ ਬੰਦੇ ਕੋਲ ਏਦਾਂ ਦੀਆਂ ਮੌਜ ਬਹਾਰਾ ਮਾਨਣ ਲਈ ਵਿਹਲ ਕਿੱਥੇ ਰਹਿ ਗਈ ਆ ਪੁੱਤਰਾ।’ ਮਾਮਾ ਜੀ ਅੰਬਾਂ ਦੀਆਂ ਖੂਬੀਆਂ ਗਿਣਾਉਂਦੇ ਗਿਣਾਉਂਦੇ ਬੜੀ ਦੂਰ ਤਕ ਪਹੁੰਚ ਜਾਂਦੇ।

‘ਹੋਰ ਕਿਹੜੇ ਗੁਣ ਹੋਣਗੇ ਦੇਸੀ ਤਰੀਕੇ ਨਾਲ ਪੱਕੇ ਹੋਏ ਅੰਬਾਂ ਦੇ ਮਾਮਾ ਜੀ।’ ਸੁਖਰਾਜ ਨੂੰ ਮਾਮੇ ਦੀਆਂ ਅੰਬਾਂ ਬਾਰੇ ਸੁਣਾਈਆਂ ਕਹਾਣੀਆਂ ਵੀ ਦਿਲਚਸਪ ਲੱਗਦੀਆਂ।

‘ਬਿਲਕੁਲ ਪੁੱਤਰਾ ਜੇ ਇਹ ਕੁਦਰਤੀ ਤੇ ਸ਼ੁੱਧ ਰੂਪ ’ਚ ਮਿਲ ਜਾਵੇ ਤਾਂ ਕਿਸੇ ਕੁਦਰਤੀ ਔਸ਼ਧੀ ਤੋਂ ਘੱਟ ਨਹੀਂ ਹੁੰਦਾ। ਸੁਆਦ ਪੱਖੋਂ ਖੁਸ਼ਬੋਦਾਰ ਹੋਣ ਦੇ ਨਾਲ ਇਹ ਫ਼ਲ ਵਿਟਾਮਿਨ ਏ, ਸੀ ਤੇ ਈ ਤੋਂ ਇਲਾਵਾ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟਸ, ਗੁਲੂਕੋਜ਼ ਵਰਗੇ ਖੁਰਾਕੀ ਤੱਤਾਂ ਨਾਲ ਭਰਪੂਰ ਫ਼ਲ ਹੈ। ਅੰਬ ਦੀ ਵਰਤੋਂ ਨਾਲ ਪਾਚਨ ਸ਼ਕਤੀ ਸਹੀ ਰਹਿਣ ਦੇ ਨਾਲ ਨਾਲ ਸਰੀਰ ਅੰਦਰੂਨੀ ਤੇ ਬਾਹਰੀ ਤੌਰ ’ਤੇ ਮਜ਼ਬੂਤ ਰਹਿੰਦਾ ਹੈ। ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤੀ, ਅੱਖਾਂ ਦੀ ਰੌਸ਼ਨੀ ਨੂੰ ਸ਼ਕਤੀ, ਚਮੜੀ ਸਾਫ਼, ਮਿਹਦੇ ਤੇ ਛਾਤੀ ਦੇ ਕੈਂਸਰ ਤੋਂ ਬਚਾਅ, ਖੂਨ ਦੇ ਦਬਾਅ ’ਤੇ ਕੰਟਰੋਲ ਰਹਿੰਦਾ ਹੈ। ਅੰਬ ਭਾਵੇਂ ਭਰ ਗਰਮ ਰੁੱਤ ਦਾ ਫ਼ਲ ਹੈ, ਪਰ ਇਹ ਗਰਮੀ ਦੇ ਮਾਰੂ ਅਸਰ ਨੂੰ ਰੋਕਣ ’ਚ ਵੀ ਮਦਦਗਾਰ ਸਾਬਤ ਹੁੰਦਾ ਹੈ।’ ‘ਫੇਰ ਤਾਂ ਮਾਮਾ ਜੀ ਮੈਂ ਇਸ ਵਾਰ ਪਿੰਡੋਂ ਆਪਣੇ ਦੋਸਤਾਂ ਲਈ ਵੀ ਅੰਬ ਲੈ ਕੇ ਜਾਵਾਂਗਾ ਅਤੇ ਦੋਸਤਾਂ ਨੂੰ ਦੱਸਾਂਗਾ ਕਿ ਅੰਬ ਕਿੰਨਾ ਗੁਣਕਾਰੀ ਫ਼ਲ ਹੁੰਦਾ ਹੈ।’

ਵਰਿੰਦਰ ਸਿੰਘ ਨਿਮਾਣਾ