ਐਡੀਲੇਡ, 12 ਦਸੰਬਰ

ਆਸਟਰੇਲੀਆ ਨੇ ਐਡੀਲੇਡ ਓਵਲ ’ਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 419 ਦੌੜਾਂ ਨਾਲ ਹਰਾ ਕੇ ਟੈਸਟ ਲੜੀ 2-0 ਨਾਲ ਜਿੱਤ ਲਈ ਹੈ। ਆਸਟਰੇਲੀਆ ਦੀ ਟੀਮ ਵੱਲੋਂ ਜਿੱਤ ਲਈ ਮਿਲੇ 497 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਟੀਮ ਆਸਟਰੇਲਿਆਈ ਗੇਂਦਬਾਜ਼ਾਂ ਮਿਸ਼ੇਲ ਸਟਰਾਕ, ਸਕੌਟ ਬੋਲੈਂਡ ਅਤੇ ਮਾਈਕਲ ਨੇਸੇਰ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਸਿਰਫ 77 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਸਟਾਰਕ, ਬੋਲੈਂਡ ਅਤੇ ਮਾਈਕਲ ਨੇ ਤਿੰਨ ਤਿੰਨ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 511 ਦੌੜਾਂ ਬਣਾਈਆਂ ਜਦਕਿ ਵੈਸਟ ਇੰਡੀਜ਼ ਟੀਮ 214 ਦੌੜਾਂ ਹੀ ਬਣਾ ਸਕੀ ਸੀ। ਆਸਟਰੇਲੀਆ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 297 ਦੌੜਾਂ ਦੀ ਲੀਡ ਮਿਲੀ ਸੀ ਅਤੇ ਟੀਮ ਨੇ ਦੂਜੀ ਪਾਰੀ ਵਿੱਚ 199 ਦੌੜਾਂ ਬਣਾਉਂਦਿਆਂ ਵੈਸਟ ਇੰਡੀਜ਼ ਨੂੰ ਜਿੱਤ ਲਈ 497 ਦੌੜਾਂ ਦੀ ਚੁਣੌਤੀ ਦਿੱਤੀ ਸੀ। ਆਸਟਰੇਲੀਆ ਦੇ ਟਰੈਵਿਸ ਹੈੱਡ ਨੂੰ ਪਹਿਲੀ ਪਾਰੀ ’ਚ 175 ਦੌੜਾਂ ਬਣਾਉਣ ਬਦਲੇ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜਦਕਿ ਮਾਰਨਸ ਲਾਬੁਸ਼ੇਨ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਆਸਟਰੇਲੀਆ ਨੇ ਪਰਥ ਵਿੱਚ ਖੇਡਿਆ ਗਿਆ ਪਹਿਲਾ ਟੈਸਟ 164 ਦੌੜਾਂ ਨਾਲ ਜਿੱਤਿਆ ਸੀ।