ਰਹਿਮਾਨ ਦਾ ਨਾਂ ਪੂਰੇ ਇਲਾਕੇ ਵਿਚ ਮਸ਼ਹੂਰ ਸੀ। ਪੀੜ੍ਹੀ ਦਰ ਪੀੜ੍ਹੀ ਉਸ ਦਾ ਦੁੱਧ ਵੇਚਣ ਦਾ ਕੰਮ ਸੀ। ਉਸ ਦੇ ਪਿਤਾ ਤੇ ਦਾਦੇ ਦੀ ਲੋਕ ਅੱਜ ਵੀ ਮਿਸਾਲ ਦਿੰਦੇ ਹਨ। ਦੁੱਧ ਵਿਚ ਪਾਣੀ ਮਿਲਾਉਣਾ ਉਹ ਠੀਕ ਨਹੀਂ ਸਮਝਦੇ ਸੀ। ਉਸ ਦੀ ਦੁਕਾਨ ਦਾ ਦਹੀਂ ਮੰਨੋ ਮਲਾਈਦਾਰ ਮੱਖਣ ਹੋਵੇ। ਰਹਿਮਾਨ ਨਮਾਜ਼ੀ ਸੀ। ਪੰਜ ਵਕਤ ਦੀ ਨਮਾਜ਼ ਪੜ੍ਹਦਾ। ਸਭ ਨੂੰ ਦੁਆ ਸਲਾਮ ਕਰਦਾ ਸੀ।

ਰਹਿਮਾਨ ਦੀ ਆਮਦਨੀ ਜ਼ਿਆਦਾ ਨਹੀਂ ਸੀ। ਬਸ ਰੋਜ਼ੀ ਰੋਟੀ ਠੀਕ ਠਾਕ ਚਲ ਰਹੀ ਸੀ। ਉਸ ਦੇ ਦੋ ਬੇਟੇ ਤੇ ਤਿੰਨ ਬੇਟੀਆਂ ਸਨ। ਉਹ ਸਭ ਨੂੰ ਪੜ੍ਹਾਉਣਾ ਚਾਹੁੰਦਾ ਸੀ। ਰਹਿਮਾਨ ਨੂੰ ਅਹਿਸਾਸ ਹੋ ਗਿਆ ਸੀ ਕਿ ਅੱਜ ਦੇ ਜ਼ਮਾਨੇ ਵਿਚ ਦੋਹਾਂ ਬੇਟਿਆਂ ਵਿਚੋਂ ਉਸ ਦਾ ਸਾਥ ਕੋਈ ਨਹੀਂ ਦੇਵੇਗਾ। ਉਸ ਦਾ ਕਾਰੋਬਾਰ ਉਸੇ ਨਾਲ ਹੀ ਖ਼ਤਮ ਹੋ ਜਾਵੇਗਾ। ਵੱਡਾ ਬੇਟਾ ਪਰਵੇਜ਼ ਉਂਝ ਤਾਂ ਪੜ੍ਹਨ ਲਿਖਣ ਵਿਚ ਬੜਾ ਤੇਜ਼ ਸੀ ਪਰ ਅਮੀਰ ਲੜਕਿਆਂ ਦੀ ਸੰਗਤ ਵਿਚ ਉਹ ਵਿਗੜਨ ਲੱਗਾ ਸੀ। ਕਦੇ ਕਦਾਈਂ ਜਦ ਵੀ ਦੁਕਾਨ ਵਿਚ ਆਉਂਦਾ ਤਾਂ ਮੌਕਾ ਮਿਲਦੇ ਹੀ ਗੱਲੇ ਵਿਚੋਂ ਪੈਸੇ ਸਾਫ਼ ਕਰ ਦਿੰਦਾ।

ਪਹਿਲਾਂ ਰਹਿਮਾਨ ਨੇ ਸੋਚਿਆ ਕਿ ਪਰਵੇਜ਼ ਅਜਿਹਾ ਨਹੀਂ ਕਰ ਸਕਦਾ। ਫਿਰ ਇਕ ਦਿਨ ਪ੍ਰੀਖਿਆ ਲੈਣ ਲਈ ਉਸ ਨੇ ਕਾਲਜ ਤੋਂ ਆਉਂਦੇ ਸਮੇਂ ਪਰਵੇਜ਼ ਨੂੰ ਬੁਲਾਇਆ ਤੇ ਕਿਹਾ, ‘‘ਬੇਟਾ ਜ਼ਰਾ ਦੁਕਾਨ ਵੇਖੀਂ, ਮੈਂ ਸਾਹਮਣੇ ਸ਼ਾਹਮੀਰੀ ਦਾ ਹਿਸਾਬ ਕਰ ਕੇ ਆਇਆ।’’

ਪਹਿਲਾਂ ਤਾਂ ਪਰਵੇਜ਼ ਹੈਰਾਨ ਹੋਇਆ ਕਿ ਅੱਜ ਅਚਾਨਕ ਅੱਬੂ ਦੁਕਾਨ ’ਤੇ ਉਸ ਨੂੰ ਬਿਠਾ ਕੇ ਕਿਉਂ ਜਾ ਰਹੇ ਹਨ। ਪਰ ਫਿਰ ਉਸ ਨੇ ਇਸ ਖ਼ਿਆਲ ਨੂੰ ਹਵਾ ਵਿਚ ਉਡਾ ਦਿੱਤਾ ਤੇ ਫਟਾਫਟ ਗੱਲੇ ਵਿਚੋਂ ਹਜ਼ਾਰ ਰੁਪਏ ਕੱਢ ਲਏ ਤੇ ਦੁਕਾਨ ਦੇ ਬਾਹਰ ਕੁਰਸੀ ’ਤੇ ਬਹਿ ਗਿਆ।

ਰਹਿਮਾਨ ਵੀ ਜਲਦੀ ਨਾਲ ਵੇਖਣ ਲਈ ਗੱਲਾ ਖੋਲ੍ਹ ਕੇ ਪੈਸੇ ਗਿਣਨ ਲੱਗਾ। ਹਜ਼ਾਰ ਰੁਪਏ ਘੱਟ ਵੇਖ ਕੇ ਉਸ ਦੇ ਮਨ ਨੂੰ ਸੱਟ ਲੱਗੀ ਕਿ ਉਸ ਦਾ ਬੇਟਾ ਚੋਰੀ ਕਰਨ ਲੱਗ ਪਿਆ ਹੈ।

ਰਹਿਮਾਨ ਬੁਝੇ ਕਦਮਾਂ ਨਾਲ ਰਾਤ ਨੂੰ ਜਦੋਂ ਘਰ ਵਿਚ ਵੜਿਆ ਉਸ ਦਾ ਚਿਹਰਾ ਵੇਖਦੇ ਹੀ ਪਤਨੀ ਸਲਮਾ ਬੋਲੀ, ‘‘ਕੀ ਹੋਇਐ… ਚਿਹਰਾ ਕਿਉਂ ਉਦਾਸ ਐ…?’’

‘‘ਕੁਝ ਨਈਂ…।’’

‘‘ਕੁਝ ਤਾਂ ਹੈ… ਦੱਸੋ ਤਾਂ ਕੀ ਗੱਲ ਐ…?’’

ਰਹਿਮਾਨ ਖ਼ਾਮੋਸ਼ ਹੀ ਰਿਹਾ। ਉਹ ਅੰਦਰ ਹੀ ਅੰਦਰ ਸੋਚਦਾ ਰਿਹਾ ਕਿ ਕਿਵੇਂ ਪਰਵੇਜ਼ ਨੂੰ ਠੀਕ ਰਸਤੇ ’ਤੇ ਲਿਆਵੇ। ਸਮਾਂ ਲੰਘਦਾ ਗਿਆ ਤੇ ਪਰਵੇਜ਼ ਦਾ ਦੁਕਾਨ ਵਿਚ ਆਉਣਾ ਜਾਣਾ ਜਾਰੀ ਰਿਹਾ, ਪਰ ਹੁਣ ਰਹਿਮਾਨ ਗੱਲੇ ਨੂੰ ਤਾਲਾ ਲਗਾ ਕੇ ਰੱਖਦਾ ਸੀ। ਤਾਲਾ ਦੇਖ ਕੇ ਪਰਵੇਜ਼ ਚਿੜ ਜਾਂਦਾ।

ਤਦੇ ਇਕ ਦਿਨ ਜਮਾਤ ਵਾਲੇ ਆਏ ਤੇ ਇਕ ਬੇਟੇ ਨੂੰ ਮੰਗਣ ਲੱਗੇ। ਰਹਿਮਾਨ ਉਨ੍ਹਾਂ ਦੀ ਮੰਗ ਨੂੰ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਧਰਮ ਦੇ ਇਨ੍ਹਾਂ ਠੇਕੇਦਾਰਾਂ ਦੇ ਹਵਾਲੇ ਆਪਣੇ ਬੇਟੇ ਨੂੰ ਕਰੇ ਜਾਂ ਨਾ।

ਪਿਛਲੇ ਕਈ ਮਹੀਨਿਆਂ ਤੋਂ ਘਾਟੀ ਵਿਚ ਕੁਝ ਹਰਕਤਾਂ ਹੋ ਰਹੀਆਂ ਸਨ। ਜਿਹਾਦ ਦੇ ਨਾਂ ’ਤੇ ਜਲੂਸ, ਨਾਅਰੇਬਾਜ਼ੀ ਰੋਜ਼ ਦੀਆਂ ਗੱਲਾਂ ਹੋ ਗਈਆਂ ਸਨ। ਕਈ ਜਵਾਨ ਲੜਕੇ ਘਾਟੀ ਤੋਂ ਕਈ ਮਹੀਨਿਆਂ ਲਈ ਗਾਇਬ ਹੋ ਜਾਂਦੇ। ਮਾਂ ਬਾਪ ਉਨ੍ਹਾਂ ਨੂੰ ਮੁਜਾਹਿਦ ਦਾ ਨਾਂ ਦੇ ਦਿੰਦੇ ਤੇ ਇਹੋ ਆਖਦੇ ਕਿ ਉਨ੍ਹਾਂ ਨੇ ਆਪਣਾ ਪੁੱਤਰ ਜਿਹਾਦ ਲਈ ਦੇ ਦਿੱਤਾ। ਕਈ ਲੜਕੇ ਪਾਕਿਸਤਾਨੀ ਇਲਾਕਿਆਂ ਵਿਚ ਟ੍ਰੇਨਿੰਗ ਲੈ ਕੇ ਵਾਪਸ ਆਉਂਦੇ, ਪੈਸੇ ਦੀ ਚਮਕ ਦੇਖ ਕੇ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ।

ਰਹਿਮਾਨ ਰੋਜ਼ ਰਾਤ ਨੂੰ ਸਭ ਬੱਚਿਆਂ ਨੂੰ ਦੇਖ ਕੇ ਅੱਲ੍ਹਾ ਦਾ ਸ਼ੁਕਰ ਅਦਾ ਕਰਦਾ। ਹਮੇਸ਼ਾ ਦਿਲ ਵਿਚ ਖਟਕਾ ਰਹਿੰਦਾ ਕਿ ਕਿਤੇ ਉਸ ਦੇ ਦਰਵਾਜ਼ੇ ’ਤੇ ਫਿਰ ਕੋਈ ਉਸ ਦਾ ਬੇਟਾ ਮੰਗਣ ਨਾ ਆ ਜਾਵੇ।

ਆਖਿਰ ਕਦ ਤੱਕ ਰਹਿਮਾਨ ਬਚਿਆ ਰਹਿੰਦਾ। ਅੱਜ ਅਚਾਨਕ ਦੁਕਾਨ ’ਤੇ ਜਦ ਮੁਜਾਹਿਰਾਂ ਨੂੰ ਆਉਂਦੇ ਦੇਖਿਆ ਤਾਂ ਉਹ ਘਬਰਾ ਗਿਆ। ਦੱਬੀ ਜ਼ੁਬਾਨ ਵਿਚ ਰਹਿਮਾਨ ਨੇ ਹੱਥ ਜੋੜ ਕਿਹਾ, ‘‘ਇੱਥੇ ਦਾ ਹੀ ਕੋਈ ਕੰਮ ਦੇ ਦਿਓ, ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਜਾਏਗੀ…।’’

ਯੂਸਫ਼ ਮੌਲਵੀ ਨੇ ਕਿਹਾ, ‘‘ਆਖ਼ਿਰ ਪੜ੍ਹ ਕੇ ਪੈਸੇ ਹੀ ਤਾਂ ਕਮਾਉਣੇ ਨੇ। ਅਸੀਂ ਇਸ ਨੂੰ ਟ੍ਰੇਨਿੰਗ ਦਿਆਂਗੇ। ਰਿਹਾ ਪੈਸਿਆਂ ਦਾ ਸਵਾਲ, ਉਹ ਤਾਂ ਘਰ ਇੰਨੇ ਆਉਣਗੇ ਕਿ ਦੁਕਾਨ ਦੀ ਜਗ੍ਹਾ ਡੇਅਰੀ ਖੋਲ੍ਹ ਲੈਣਾ।’’

ਰਹਿਮਾਨ ਨੇ ਬੁਝੇ ਮਨ ਨਾਲ ਹਾਮੀ ਭਰ ਦਿੱਤੀ। ਅਗਲੇ ਮਹੀਨੇ ਪਰਵੇਜ਼ ਦਾ ਨਿਕਾਹ ਹੋ ਜਾਣ ਤੋਂ ਬਾਅਦ ਉਸ ਨੇ ਉਸ ਨੂੰ ਲਿਜਾਣ ਦੀ ਗੱਲ ਕਹੀ।

ਪਰਵੇਜ਼ ਦਾ ਨਿਕਾਹ ਹੋ ਗਿਆ। ਸ਼ਮੀਮ ਦੁਲਹਨ ਬਣ ਕੇ ਘਰ ਆ ਗਈ। ਸ਼ਮੀਮ ਬਹੁਤ ਸੋਹਣੀ ਸੀ। ਉਸ ਦਾ ਵਰਤਾਉ ਕਾਫ਼ੀ ਮਿਲਣਸਾਰ ਸੀ। ਕੁਝ ਦਿਨਾਂ ਵਿਚ ਹੀ ਉਹ ਸਭ ਦੀਆਂ ਅੱਖਾਂ ਦਾ ਤਾਰਾ ਬਣ ਗਈ। ਪਰਵੇਜ਼ ਤਾਂ ਨਜ਼ਰਾਂ ਮਿਲਾਉਂਦੇ ਹੀ ਕਮਰੇ ਵਿਚ ਨੱਠ ਜਾਂਦਾ। ਰਹਿਮਾਨ ਦੇਖ ਦੇਖ ਕੇ ਖ਼ੁਸ਼ ਹੁੰਦਾ। ਪਰ ਯੂਸਫ਼ ਮੌਲਵੀ ਦੀ ਦਿੱਤੀ ਤਾਰੀਖ ਯਾਦ ਕਰਕੇ ਦੁਖੀ ਹੋ ਜਾਂਦਾ।

ਆਖ਼ਿਰਕਾਰ ਉਹ ਦਿਨ ਵੀ ਆ ਗਿਆ ਤੇ ਪਰਵੇਜ਼ ਨੂੰ ਮੁਜਾਹਿਰ ਵਾਜੇ ਗਾਜੇ ਦੇ ਨਾਲ ਲੈ ਗਏ।

ਕਈ ਦਿਨਾਂ ਤੱਕ ਘਰ ਵਿਚ ਉਦਾਸੀ ਛਾਈ ਰਹੀ। ਸ਼ਮੀਮ ਘਰ ਦਾ ਸਾਰਾ ਕੰਮ ਕਰਦੀ, ਸਭ ਦੀ ਖਿਦਮਤ ਕਰਦੀ। ਕਦੇ ਕਦਾਈ ਪਰਵੇਜ਼ ਦਾ ਫੋਨ ਆਉਂਦਾ। ਸਭ ਦੇ ਦਿਲ ਨੂੰ ਥੋੜ੍ਹੀ ਤਸੱਲੀ ਹੁੰਦੀ। ਇਕ ਦਿਨ ਯੂਸਫ਼ ਮੌਲਵੀ ਨੇ ਇਕ ਵਿਅਕਤੀ ਦੇ ਜ਼ਰੀਏ ਕੁਝ ਪੈਸੇ ਘਰ ਭਿਜਵਾਏ। ਪਤਾ ਨਹੀਂ ਕਿਉਂ ਰਹਿਮਾਨ ਨੂੰ ਪੈਸੇ ਮਿਲਣ ’ਤੇ ਵੀ ਸਕੂਨ ਨਹੀਂ ਸੀ ਮਿਲ ਰਿਹਾ। ਉਸ ਨੂੰ ਲੱਗ ਰਿਹਾ ਸੀ ਜਿਵੇਂ ਹੱਥਾਂ ਵਿਚ ਪੈਸੇ ਨਹੀਂ ਅੰਗਾਰੇ ਆ ਗਏ ਹੋਣ।

ਰਹਿਮਾਨ ਨੇ ਸਲਾਮ ਦੁਆ ਕਰਕੇ ਮੌਲਵੀ ਯੂਸਫ਼ ਦੇ ਵਿਅਕਤੀ ਨੂੰ ਵਿਦਾ ਕੀਤਾ। ਦੇਖਦੇ ਦੇਖਦੇ ਛੇ ਮਹੀਨੇ ਲੰਘ ਗਏ। ਇਕ ਰਾਤ ਪਰਵੇਜ਼ ਵਾਪਸ ਆਇਆ। ਉਸ ਦਾ ਵਿਅਕਤਿਤਵ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਏ.ਕੇ.47 ਉਸ ਕੋਲ ਸੀ ਤੇ ਬੈਗ ਵਿਚ ਨੋਟਾਂ ਦੀ ਗੱਠੀ।

ਰਹਿਮਾਨ ਨੇ ਕਿਸੇ ਚੀਜ਼ ਵੱਲ ਧਿਆਨ ਨਾ ਦਿੱਤਾ। ਉਹ ਬਸ ਆਪਣੇ ਬੇਟੇ ਨੂੰ ਸਲਾਮਤ ਦੇਖ ਕੇ ਖ਼ੁਸ਼ ਹੋ ਰਿਹਾ ਸੀ। ਉਸ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਸ ਨੇ ਸੁਣਿਆ ਕਿ ਉਹ ਦਾਦਾ ਬਣਨ ਵਾਲਾ ਹੈ।

ਸਮੇਂ ਦੇ ਨਾਲ ਨਾਲ ਘਰ ਦੀ ਆਰਥਿਕ ਸਥਿਤੀ ਵੀ ਬਦਲਣ ਲੱਗੀ। ਪਰਵੇਜ਼ ਦਾ ਕਮਰਾ ਆਧੁਨਿਕ ਆਰਾਮ ਦਾਇਕ ਚੀਜ਼ਾਂ ਨਾਲ ਸਜ ਗਿਆ। ਰਹਿਮਾਨ ਆਪਣੀ ਉਹੋ ਦੁੱਧ ਦੀ ਦੁਕਾਨ ਚਲਾ ਰਿਹਾ ਸੀ। ਕਈ ਵਾਰ ਪਰਵੇਜ਼ ਨੇ ਉਸ ਦੁਕਾਨ ਨੂੰ ਡੇਅਰੀ ਬਣਾਉਣ ਲਈ ਕਿਹਾ ਪਰ ਰਹਿਮਾਨ ਹਮੇਸ਼ਾ ਟਾਲ ਜਾਂਦਾ। ਪਤਾ ਨਹੀਂ ਕਿਉਂ ਪਹਿਲਾਂ ਜਿੰਨਾ ਉਹ ਸਕੂਨ ਤੇ ਚੈਨ ਨਾਲ ਰਹਿੰਦਾ ਸੀ ਹੁਣ ਉਹ ਹਮੇਸ਼ਾ ਅਸ਼ਾਂਤ ਰਹਿੰਦਾ। ਉਸ ਨੂੰ ਲੱਗਦਾ ਪਤਾ ਨਹੀਂ ਕਦੋਂ ਕੀ ਹੋਵੇਗਾ। ਉਸ ਨੂੰ ਆਪਣੀਆਂ ਤਿੰਨਾਂ ਬੇਟੀਆਂ ਦੀ ਵੀ ਚਿੰਤਾ ਲੱਗੀ ਰਹਿੰਦੀ।

ਕੁਝ ਸਮਾਂ ਹੋਰ ਲੰਘਿਆ, ਸ਼ਮੀਮ ਨੇ ਬੇਟੇ ਨੂੰ ਜਨਮ ਦਿੱਤਾ। ਘਰ ਵਿਚ ਖ਼ੁਸ਼ੀਆਂ ਛਾ ਗਈਆਂ। ਸਲਮਾ ਨੇ ਖ਼ੂਬ ਮਿਠਾਈਆਂ ਵੰਡੀਆਂ। ਪਰਵੇਜ਼ ਨੇ ਭੈਣਾਂ ਨੂੰ ਸੋਨੇ ਦੇ ਟੋਪਸ ਤੋਹਫ਼ੇ ਵਿਚ ਦਿੱਤੇ। ਮਾਂ ਨੂੰ ਸੋਨੇ ਦੀ ਜੰਜੀਰੀ ਦਿੱਤੀ। ਅੱਬੂ ਨੂੰ ਵੀ ਤੋਹਫ਼ਾ ਦੇਣਾ ਚਾਹੁੰਦਾ ਸੀ ਪਰ ਰਹਿਮਾਨ ਟਾਲ ਗਿਆ।

ਪਰਵੇਜ਼ ਦਾ ਬੇਟਾ ਆਰਿਫ਼ ਗੋਲ ਮਟੋਲ ਬੜਾ ਹੀ ਸੋਹਣਾ ਬੱਚਾ ਸੀ। ਆਰਿਫ਼ ਦਾ ਪਹਿਲਾ ਜਨਮ ਦਿਨ ਪਰਵੇਜ਼ ਨੇ ਬੜੀ ਧੂਮਧਾਮ ਨਾਲ ਮਨਾਇਆ। ਕਈ ਦਿਨਾਂ ਤੱਕ ਦਾਵਤਾਂ ਚਲਦੀਆਂ ਰਹੀਆਂ।

ਸਮਾਂ ਆਪਣੀ ਚਾਲ ਚਲਦਾ ਰਿਹਾ। ਆਰਿਫ਼ ਹੁਣ ਖ਼ੂਬ ਸ਼ਰਾਰਤਾਂ ਕਰਨ ਲੱਗਾ ਸੀ। ਸ਼ਮੀਮ ਤੇ ਸਲਮਾ ਇਹ ਦੇਖ ਦੇਖ ਕੇ ਖ਼ੁਸ਼ ਹੁੰਦੀਆਂ।

ਪਰਵੇਜ਼ ਅੱਜ ਆਪਣੇ ਬੱਚੇ ਦਾ ਤੀਜਾ ਜਨਮਦਿਨ ਬੜੇ ਜੋਰ ਸ਼ੋਰ ਨਾਲ ਮਨਾ ਰਿਹਾ ਸੀ। ਉਸ ਨੇ ਬਹੁਤ ਸਾਰੇ ਦੋਸਤਾਂ ਨੂੰ ਬੁਲਾਇਆ ਸੀ। ਸਭ ਲਈ ਤੋਹਫ਼ੇ ਵੀ ਖਰੀਦੇ ਸਨ। ਸਭ ਮਹਿਮਾਨ ਖਾ ਪੀ ਕੇ ਆਪਣੇ ਘਰ ਚਲੇ ਗਏ। ਆਰਿਫ਼ ਪਰਵੇਜ਼ ਨਾਲ ਨਾਰਾਜ਼ ਸੀ ਕਿ ਤੋਹਫ਼ਿਆਂ ਵਿਚ ਉਸ ਲਈ ਵੱਡੀ ਜਿਹੀ ਬੰਦੂਕ ਕਿਉਂ ਨਹੀਂ ਲਿਆਂਦੀ ਗਈ। ਕਈ ਦਿਨਾਂ ਤੋਂ ਉਹ ਵੱਡੀ ਬੰਦੂਕ ਦੀ ਫਰਮਾਇਸ਼ ਕਰ ਰਿਹਾ ਸੀ। ਪਰ ਪਰਵੇਜ਼ ਉਸ ਨੂੰ ਟਾਲਦਾ ਰਿਹਾ ਸੀ।

ਨਾਰਾਜ਼ ਹੋ ਕੇ ਆਰਿਫ਼ ਕਮਰੇ ਵਿਚ ਚਲਾ ਗਿਆ। ਬਾਕੀ ਲੋਕ ਵੀ ਸਾਮਾਨ ਚੁੱਕਣ ਤੇ ਰੱਖਣ ਵਿਚ ਰੁੱਝ ਗਏ। ਸਵੇਰ ਤੋਂ ਸਾਰੇ ਕੰਮ ਵਿਚ ਲੱਗੇ ਸੀ ਇਸ ਲਈ ਸਭ ਥੱਕ ਗਏ ਸਨ। ਤਦੇ ਆਰਿਫ਼ ਹੱਥ ਵਿਚ ਪਰਵੇਜ਼ ਦੀ ਏ.ਕੇ.47 ਲੈ ਕੇ ਨੱਠਦਾ ਹੋਇਆ ਆਇਆ, ‘‘ਮੈਨੂੰ ਗੰਨ ਮਿਲ ਗਈ।’’

ਪਰਵੇਜ਼ ਤੇ ਘਰ ਦੇ ਦੂਜੇ ਲੋਕਾਂ ਨੇ ਜਦੋਂ ਇਹ ਦੇਖਿਆ ਤਾਂ ਸਾਰੇ ਹੀ ਘਬਰਾ ਗਏ। ਹਰ ਕੋਈ ਉਸ ਵੱਲ ਦੱਬੇ ਪੈਰੀਂ ਵਧਣ ਲੱਗਾ। ਪਰਵੇਜ਼ ਵੀ ਵਧਿਆ, ‘‘ਆਰਿਫ਼ ਮੈਨੂੰ ਗੰਨ ਦੇ ਦੇ, ਇਹ ਭਰੀ ਹੋਈ ਐ, ਇਸ ਨੂੰ ਹੱਥ ਨਾ ਲਾ…।’’

ਆਰਿਫ਼ ਭਲਾ ਕਦੋਂ ਕਿਸ ਦੀ ਗੱਲ ਸੁੁਣਨ ਵਾਲਾ ਸੀ। ਉਹ ਬੰਦੂਕ ਤਾਣ ਕੇ ਟੇਬਲ ’ਤੇ ਖੜ੍ਹਾ ਹੋ ਗਿਆ ਸੀ। ਪਰਵੇਜ਼ ਚੀਖਦਾ ਰਿਹਾ, ‘‘ਬੇਟਾ, ਇਹ ਬੰਦੂਕ ਅਸਲੀ ਐ… ਚੱਲ ਜਾਏਗੀ…।’’

ਆਰਿਫ਼ ਦੀਆਂ ਉਂਗਲਾਂ ਟ੍ਰਿਗਰ ’ਤੇ ਸਨ। ਕੋਲ ਆਉਂਦੇ ਆਪਣੇ ਪਾਪਾ ਨੂੰ ਦੇਖ ਕੇ ਉਸ ਨੇ ਟ੍ਰਿਗਰ ਦਬਾ ਦਿੱਤਾ।

ਠਾਹ ਠਾਹ ਦੋ ਗੋਲੀਆਂ ਪਰਵੇਜ਼ ਦੇ ਸਿਰ ਵਿਚ ਧਸ ਗਈਆਂ। ਆਰਿਫ਼ ਖ਼ੁਦ ਘਬਰਾ ਗਿਆ ਤੇ ਰੋਣ ਲੱਗਾ। ਪਰਵੇਜ਼ ਲਹੂ ਨਾਲ ਲਥਪਥ ਹੋ ਰਿਹਾ ਸੀ। ਰਹਿਮਾਨ ਨੱਠ ਕੇ ਟੈਕਸੀ ਲੈ ਆਇਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ।

ਰਾਤ ਭਰ ਜ਼ਿੰਦਗੀ ਤੇ ਮੌਤ ਵਿਚਾਲੇ ਜਦੋ-ਜਹਿਦ ਚਲਦੀ ਰਹੀ। ਸਵੇਰ ਹੋਣ ਨੂੰ ਸੀ ਕਿ ਪਰਵੇਜ ਹਮੇਸ਼ਾ ਲਈ ਸੌਂ ਗਿਆ। ਘਰ ਵਿਚ ਰੋਣ ਪਿੱਟਣ ਪੈ ਗਿਆ। ਸਲਮਾ ਛਾਤੀ ਪਿੱਟ ਪਿੱਟ ਕੇ ਰੋ ਰਹੀ ਸੀ। ਸ਼ਮੀਮ ਤਾਂ ਜਿਵੇਂ ਬੁੱਤ ਹੀ ਬਣ ਗਈ। ਸਭ ਨੇ ਉਸ ਨੂੰ ਰੁਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੁੱਤ ਹੀ ਬਣੀ ਰਹੀ।

ਜਮਾਤ ਵਾਲੇ ਲੋਕ ਆਏ ਤੇ ਪਰਵੇਜ਼ ਨੂੰ ਇੰਝ ਲੈ ਗਏ ਜਿਵੇਂ ਦੇਸ਼ ਦਾ ਕੋਈ ਬਹੁਤ ਵੱਡਾ ਨੇਤਾ ਹੋਵੇ। ਫੁੱਲਾਂ ਦੀ ਬੁਛਾੜ ਹੇਠਾਂ ਲੋਕਾਂ ਦਾ ਇਕੱਠ ਕਬਰਿਸਤਾਨ ਤੱਕ ਗਿਆ। ਸਭ ਨੇ ਉਸ ’ਤੇ ਮਿੱਟੀ ਪਾਈ।

ਸ਼ਮੀਮ ਕਈ ਦਿਨਾਂ ਤੱਕ ਸਦਮੇ ਤੋਂ ਬਾਹਰ ਨਾ ਆ ਸਕੀ। ਰਹਿਮਾਨ ਦਾ ਕਿਸੇ ਕੰਮ ਵਿਚ ਦਿਲ ਨਾ ਲੱਗਦਾ। ਸਲਮਾ ਬੇਟੇ ਦੇ ਗ਼ਮ ਨੂੰ ਅੰਦਰ ਹੀ ਅੰਦਰ ਸਹਿ ਰਹੀ ਸੀ। ਉਹ ਸ਼ਮੀਮ ਨੂੰ ਹਰ ਹੀਲੇ ਸਦਮੇ ਤੋਂ ਬਾਹਰ ਕੱਢਣਾ ਚਾਹੁੰਦੀ ਸੀ। ਤਕਰੀਬਨ ਛੇ ਮਹੀਨੇ ਬਾਅਦ ਸਲਮਾ ਆਪਣੀ ਬਹੂ ਸ਼ਮੀਮ ਨੂੰ ਰੁਆਉਣ ਵਿਚ ਕਾਮਯਾਬ ਹੋਈ। ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਸ਼ਮੀਮ ਦਾ ਰੋਣਾ ਬਹੁਤ ਜ਼ਰੂਰੀ ਹੈ।

ਘਾਟੀ ਵਿਚ ਦਿਨ-ਬ-ਦਿਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਸਨ। ਰਹਿਮਾਨ ਨੇ ਬਹੁਤ ਜਲਦ ਆਪਣੀਆਂ ਦੋ ਬੇਟੀਆਂ ਦਾ ਨਿਕਾਹ ਖਾਲਾਜ਼ਾਦ ਭਰਾਵਾਂ ਦੇ ਨਾਲ ਕਰ ਦਿੱਤਾ। ਜਦੋਂਕਿ ਉਹ ਲੜਕੀਆਂ ਨੂੰ ਅਜੇ ਹੋਰ ਪੜ੍ਹਾਉਣਾ ਚਾਹੁੰਦਾ ਸੀ। ਪਰ ਸ਼ਹਿਰ ਦੀ ਹਾਲਤ ਦੇਖ ਕੇ ਉਹ ਘਬਰਾ ਗਿਆ ਸੀ। ਹੁਣ ਤੀਜੀ ਬੇਟੀ ਦੇ ਨਿਕਾਹ ਬਾਰੇ ਵੀ ਸੋਚ ਰਿਹਾ ਸੀ ਜਦੋਂਕਿ ਉਹ ਅਜੇ ਕਾਫ਼ੀ ਛੋਟੀ ਸੀ।

ਤਮਾਮ ਕਸ਼ਮੀਰੀ ਜੰਮੂ ਦੇ ਵੱਲ ਜਾ ਰਹੇ ਸਨ। ਕਈ ਅਮੀਰ ਮੁਸਲਿਮ ਪਰਿਵਾਰਾਂ ਨੇ ਆਪਣੀਆਂ ਬੀਵੀਆਂ ਤੇ ਬੱਚਿਆਂ ਨੂੰ ਦੁਬਈ, ਬੰਗਲੁਰੂ ਤੇ ਦਿੱਲੀ ਲਈ ਰਵਾਨਾ ਕਰ ਦਿੱਤਾ ਸੀ। ਹਿੰਦੂ ਕਸ਼ਮੀਰੀ ਤਾਂ ਲਗਭਗ ਰੋਜ਼ ਹੀ ਨਿਕਲ ਰਹੇ ਸੀ। ਰਹਿਮਾਨ ਸੋਚਦਾ ਰਿਹਾ ਕਿ ਉਹ ਵੀ ਬੀਵੀ ਬੱਚਿਆਂ ਨੂੰ ਲੈ ਕੇ ਚਲਾ ਜਾਵੇ ਪਰ ਨਾ ਤਾਂ ਉਸ ਕੋਲ ਪੈਸਾ ਸੀ ਤੇ ਨਾ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ। ਫਿਰ ਉਸ ਨੂੰ ਕਸ਼ਮੀਰੀ ਭਾਸ਼ਾ ਤੋਂ ਇਲਾਵਾ ਹਿੰਦੀ ਵੀ ਤਾਂ ਬੋਲਣੀ ਨਹੀਂ ਸੀ ਆਉਂਦੀ ਤਾਂ ਜਾਂਦਾ ਕਿੱਥੇ?

ਉਹ ਆਪਮੁਹਾਰਾ ਗੱਲਾਂ ਕਰਦਾ, ‘‘ਅਮੀਰ ਤਾਂ ਕਿਤੇ ਵੀ ਜਾ ਸਕਦੇ ਹਨ ਪਰ ਗਰੀਬ ਕਿਧਰ ਜਾਏ, ਉਸ ਨੇ ਤਾਂ ਏਥੇ ਹੀ ਮਰਨਾ ਹੈ।’’

ਕਸ਼ਮੀਰ ਦੀ ਹਾਲਤ ਇਹ ਹੋ ਗਈ ਸੀ ਕਿ ਰਾਤ ਨੂੰ ਕਿਸੇ ਵੀ ਵੇਲੇ ਕੋਈ ਵੀ ਮੁਜਾਹਿਦ ਆ ਜਾਂਦਾ। ਉਸ ਨੂੰ ਖੁਆਉਣਾ ਪਿਲਾਉਣਾ ਪੈਂਦਾ। ਇਸ ਖ਼ਾਤਿਰਦਾਰੀ ਤੋਂ ਰਹਿਮਾਨ ਕਾਫ਼ੀ ਪਰੇਸ਼ਾਨ ਸੀ। ਖਾਣ-ਪੀਣ ਤੱਕ ਤਾਂ ਠੀਕ ਸੀ ਪਰ ਉਹ ਮੁਜਾਹਿਦ ਕਦੋਂ ਕੀ ਕਰ ਬੈਠੇ ਇਹੋ ਸੋਚ ਕੇ ਰਹਿਮਾਨ ਪਰੇਸ਼ਾਨ ਰਹਿੰਦਾ। ਜਦ ਵੀ ਕੋਈ ਮੁਜਾਹਿਦ ਘਰ ਵਿਚ ਆਉਂਦਾ ਸਲਮਾ ਹੀ ਖਾਣਾ ਬਣਾਉਂਦੀ ਤੇ ਪਰੋਸਦੀ। ਬਹੂ ਸ਼ਮੀਮ ਤੇ ਬੇਟੀ ਆਲੀਆ ਕਮਰੇ ਵਿਚ ਹੀ ਰਹਿੰਦੀਆਂ। ਉਨ੍ਹਾਂ ਨੂੰ ਰਹਿਮਾਨ ਨੇ ਸਖ਼ਤੀ ਨਾਲ ਕਿਹਾ ਹੋਇਆ ਸੀ ਕਿ ਬਾਹਰ ਨਾ ਆਉਣ।

ਲਗਭਗ ਸਾਲ ਭਰ ਮਗਰੋਂ ਰਹਿਮਾਨ ਨੇ ਚਾਹਿਆ ਕਿ ਉਸ ਦਾ ਛੋਟਾ ਬੇਟਾ ਸ਼ਬੀਰ ਸ਼ਮੀਮ ਨਾਲ ਨਿਕਾਹ ਕਰ ਲਵੇ ਤਾਂ ਕਿ ਸ਼ਮੀਮ ਦਾ ਜੀਵਨ ਖਰਾਬ ਨਾ ਹੋਵੇ ਤੇ ਆਰਿਫ਼ ਨੂੰ ਵੀ ਬਾਪ ਮਿਲ ਜਾਵੇ। ਪਰ ਸ਼ਬੀਰ ਇਸ ਰਿਸ਼ਤੇ ਲਈ ਤਿਆਰ ਨਾ ਹੋਇਆ। ਸਲਮਾ ਤੇ ਰਹਿਮਾਨ ਦੋਹਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਟੱਸ ਤੋਂ ਮੱਸ ਨਾ ਹੋਇਆ ਤੇ ਕੁਝ ਦਿਨਾਂ ਬਾਅਦ ਆਪਣੇ ਦੋਸਤਾਂ ਦੇ ਨਾਲ ਪਤਾ ਨਹੀਂ ਕਿੱਥੇ ਚਲਾ ਗਿਆ।

ਰਹਿਮਾਨ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਜਦੋਂ ਇਕ ਦਿਨ ਖ਼ਬਰ ਮਿਲੀ ਵੀ ਤਾਂ ਪਤਾ ਲੱਗਾ ਕਿ ਸ਼ਬੀਰ ਵੀ ਮੁਜਾਹਿਦ ਬਣ ਗਿਆ ਹੈ। ਰਹਿਮਾਨ ਦੇ ਅਰਮਾਨਾਂ ‘ਤੇ ਪਾਣੀ ਫਿਰ ਗਿਆ ਸੀ। ਸਲਮਾ ਰਾਤ ਦਿਨ ਸ਼ਬੀਰ ਦੇ ਵਾਪਸ ਆਉਣ ਲਈ ਦੁਆਵਾਂ ਮੰਗਦੀ। ਰਹਿਮਾਨ ਕਿਸੇ ਤਰ੍ਹਾਂ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦਾ। ਕਿਸੇ ਜ਼ਰੀਏ ਸ਼ਬੀਰ ਕੋਲ ਸੰਦੇਸ਼ ਭੇਜਿਆ ਕਿ ਉਹ ਜਿੱਥੇ ਚਾਹੇ ਨਿਕਾਹ ਕਰਾ ਲਵੇ ਬਸ ਵਾਪਸ ਘਰ ਆ ਜਾਵੇ।

ਸ਼ਬੀਰ ਆਪਣੇ ਮਰਹੂਮ ਭਰਾ ਪਰਵੇਜ਼ ਵਾਂਗ ਹੀ ਰਹਿਣਾ ਚਾਹੁੰਦਾ ਸੀ। ਨੇਤਾ ਵਾਂਗ ਐਸ਼ਪ੍ਰਸਤੀ ਪਾਉਣਾ ਚਾਹੁੰਦਾ ਸੀ। ਰਹਿਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।

ਵਕਤ ਗੁਜ਼ਰਦਾ ਗਿਆ। ਲੋਕਾਂ ਨਾਲ ਕਦੇ ਭਰੀ ਰਹਿਣ ਵਾਲੀ ਕਸ਼ਮੀਰ ਘਾਟੀ ਲਗਭਗ ਹੁਣ ਸੁੰਨੀ ਜਿਹੀ ਹੋ ਗਈ ਸੀ। ਕੋਈ ਕਦੇ ਕਦਾਈਂ ਜੰਮੂ ਤੋਂ ਟਰੱਕ ਲੈ ਕੇ ਆਪਣਾ ਸਾਮਾਨ ਲੈਣ ਆਉਂਦਾ ਸੀ। ਅਮੀਰ ਮੁਸਲਿਮ ਘਰਾਣਿਆਂ ਨੇ ਵੀ ਆਪਣੀਆਂ ਬਹੂ-ਬੇਟੀਆਂ ਮਹਿਫ਼ੂਜ਼ ਥਾਵਾਂ ’ਤੇ ਭੇਜ ਦਿੱਤੀਆਂ ਸਨ। ਸਿਰਫ਼ ਗਰੀਬ ਤੇ ਮੱਧਵਰਗੀ ਪਰਿਵਾਰ ਹੀ ਇਸ ਅਤਿਵਾਦ ਦੀ ਅੱਗ ਨੂੰ ਬਰਦਾਸ਼ਤ ਕਰ ਰਹੇ ਸਨ।

ਇਕ ਰਾਤ ਕਈ ਮੁਜਾਹਿਦ ਰਹਿਮਾਨ ਦੇ ਘਰ ਵਿਚ ਠਹਿਰੇ। ਸਲਮਾ ਨੇ ਖਾਣਾ ਪਰੋਸਿਆ। ਉਨ੍ਹਾਂ ਵਿਚੋਂ ਇਕ ਨੂੰ ਤਨ ਦੀ ਭੁੱਖ ਸੀ। ਉਸ ਨੂੰ ਪਤਾ ਸੀ ਕਿ ਪਰਵੇਜ਼ ਦੀ ਬੇਵਾ ਇੱਥੇ ਹੀ ਰਹਿੰਦੀ ਹੈ। ਬੰਦੂਕ ਦੀ ਨੋਕ ’ਤੇ ਉਸ ਨੇ ਸ਼ਮੀਮ ਨੂੰ ਹਾਸਿਲ ਕਰ ਲਿਆ। ਸਭ ਦੇ ਸਾਹਮਣੇ ਉਸ ਨੇ ਸ਼ਮੀਮ ਦੇ ਤਨ ਨੂੰ ਨੰਗਾ ਕਰ ਦਿੱਤਾ। ਰਹਿਮਾਨ ਕੁਝ ਨਾ ਕਰ ਸਕਿਆ। ਸਲਮਾ ਛਾਤੀ ਪਿੱਟ ਪਿੱਟ ਕੇ ਰੋਂਦੀ ਰਹੀ। ਪਰ ਉਹ ਮੁਜਾਹਿਦ ਟੱਸ ਤੋਂ ਮੱਸ ਨਾ ਹੋਇਆ। ਤਨ ਦੀ ਭੁੱਖ ਮਿਟਾ ਕੇ ਹੀ ਹਟਿਆ। ਸ਼ਮੀਮ ਅੱਧਮਰੀ ਜਿਹੀ ਕਿੰਨੀ ਦੇਰ ਤੱਕ ਉਵੇਂ ਦੀ ਉਵੇਂ ਹੀ ਪਈ ਰਹੀ।

ਰਹਿਮਾਨ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ। ਪਰ ਬੇਟੀ ਆਲੀਆ ਦਾ ਸਹਿਮਿਆ ਤੇ ਡਰਿਆ ਚਿਹਰਾ ਦੇਖ ਕੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ? ਕਈ ਦਿਨਾਂ ਤੱਕ ਉਹ ਦੁਕਾਨ ’ਤੇ ਵੀ ਨਾ ਜਾ ਸਕਿਆ। ਸਭ ਪੁੱਛਦੇ ਤਾਂ ਉਹ ਕੀ ਕਹਿੰਦਾ ਕਿ ਉਸ ਦੀਆਂ ਅੱਖਾਂ ਸਾਹਮਣੇ ਉਸ ਦੀ ਬਹੂ ਦੀ ਆਬਰੂ ਦੀਆਂ ਇਕ ਮੁਜਾਹਿਦ ਨੇ ਧੱਜੀਆਂ ਉੱਡਾ ਦਿੱਤੀਆਂ ਸਨ ਤੇ ਉਹ ਕੁਝ ਨਾ ਕਰ ਸਕਿਆ। ਪਰ ਗ਼ਰੀਬ ਕਿੰਨੇ ਦਿਨ ਦੁਕਾਨ ਬੰਦ ਰੱਖਦਾ। ਮਜਬੂਰ ਹੋ ਕੇ ਉਸ ਨੂੰ ਦੁਕਾਨ ’ਤੇ ਜਾਣਾ ਹੀ ਪਿਆ। ਉਸ ਨੂੰ ਹੁਣ ਆਪਣੀ ਜ਼ਿੰਦਗੀ ਜ਼ਿੰਦਾ ਲਾਸ਼ ਜਿਹੀ ਲੱਗਦੀ, ਹਰ ਸਮੇਂ ਉਸ ਨੂੰ ਘਰ ਦੀ ਫ਼ਿਕਰ ਲੱਗੀ ਰਹਿੰਦੀ।

ਰਹਿਮਾਨ ਕਈ ਵਾਰ ਸੋਚਦਾ ਕਿ ਉਹ ਵੀ ਪਰਿਵਾਰ ਲੈ ਕੇ ਘਾਟੀ ਤੋਂ ਨਿਕਲ ਜਾਵੇ ਪਰ ਗ਼ਰੀਬੀ ਆੜੇ ਆ ਜਾਂਦੀ। ਕਦੇ ਸੋਚਦਾ ਕਿ ਸਭ ਨੂੰ ਜ਼ਹਿਰ ਦੇ ਦੇਵੇ ਤੇ ਖ਼ੁਦ ਵੀ ਖਾ ਲਵੇ ਪਰ ਹਿੰਮਤ ਨਾ ਪੈਂਦੀ।

ਹੁਣ ਉਸ ਨੂੰ ਆਲੀਆ ਦੀ ਫ਼ਿਕਰ ਰਹਿੰਦੀ। ਰਾਤ ਦਿਨ ਉਸ ਦੇ ਰਿਸ਼ਤੇ ਦੀ ਫ਼ਿਕਰ ਰਹਿੰਦੀ। ਉਸ ਦੀ ਭੈਣ ਇਕ ਦਿਨ ਆਲੀਆ ਦਾ ਹੱਥ ਮੰਗਣ ਆ ਗਈ। ਰਹਿਮਾਨ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਉਸ ਨੇ ਫੌਰਨ ਹਾਂ ਕਰ ਦਿੱਤੀ ਤੇ ਛੇਤੀ ਹੀ ਉਸ ਦੇ ਨਿਕਾਹ ਦਾ ਦਿਨ ਕਢਾ ਲਿਆ।

ਘਰ ਵਿਚ ਤਿਆਰੀਆਂ ਹੋਣ ਲੱਗੀਆਂ। ਸ਼ਮੀਮ ਪੂਰੀ ਤਰ੍ਹਾਂ ਨਾਲ ਸ਼ਾਦੀ ਦੀਆਂ ਤਿਆਰੀਆਂ ਵਿਚ ਜੁਟ ਗਈ। ਬੁਝੀ ਬੁਝੀ ਮਰੀਅਲ ਜਿਹੀ ਸ਼ਮੀਮ ਇਕ ਲਾਸ਼ ਵਾਂਗ ਸਿਰਫ਼ ਆਰਿਫ਼ ਲਈ ਜੀਅ ਰਹੀ ਸੀ। ਉਸ ਡਰਾਉਣੇ ਹਾਦਸੇ ਤੋਂ ਬਾਅਦ ਸਲਮਾ ਤੇ ਰਹਿਮਾਨ ਕਈ ਦਿਨਾਂ ਤੱਕ ਉਸ ਨਾਲ ਅੱਖਾਂ ਨਾ ਮਿਲਾ ਸਕੇ। ਪਰ ਸ਼ਮੀਮ ਨੇ ਇਕ ਦਿਨ ਸਭ ਨੂੰ ਬਿਠਾ ਕੇ ਕਿਹਾ, ‘‘ਤੁਸੀਂ ਸਾਰੇ ਮੇਰੇ ਨਾਲ ਨਜ਼ਰਾਂ ਨਾ ਫੇਰੋ, ਉਂਝ ਵੀ ਮੇਰਾ ਜੀਵਨ ਹੁਣ ਬੇਕਾਰ ਐ। ਮੈਂ ਤਾਂ ਆਰਿਫ਼ ਲਈ ਜੀਅ ਰਹੀ ਆਂ। ਇਹ ਤਾਂ ਚੰਗਾ ਹੋਇਆ ਕਿ ਉਸ ਨੇ ਮੈਨੂੰ ਦਾਗਦਾਰ ਕੀਤਾ। ਮੈਂ ਤਾਂ ਖ਼ੁਦ ਬਾਹਰ ਆਈ ਸੀ ਕਿਉਂਕਿ ਆਲੀਆ ਮੇਰੇ ਨਾਲ ਹੀ ਸੌਂ ਰਹੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਸ ਦਰਿੰਦੇ ਦੀ ਨਜ਼ਰ ਇਸ ’ਤੇ ਪਵੇ। ਇਸ ਲਈ ਤੁਸੀਂ ਖ਼ੁਦ ਨੂੰ ਦੋਸ਼ੀ ਨਾ ਮੰਨੋ। ਮੈਂ ਤਾਂ ਖ਼ੁਦ ਹੀ ਬਾਹਰ ਆਈ ਸੀ।’’

ਰਹਿਮਾਨ ਤੇ ਸਲਮਾ ਇਹ ਸੁਣ ਕੇ ਹੈਰਾਨ ਰਹਿ ਗਏ। ਉਸ ਦੇ ਬਾਅਦ ਸ਼ਮੀਮ ਨਾਲ ਉਹ ਆਹਮੋ ਸਾਹਮਣੇ ਹੁੰਦੇ ਰਹਿੰਦੇ ਸੀ। ਉਨ੍ਹਾਂ ਦੀ ਨਜ਼ਰ ਵਿਚ ਉਹ ਅੱਜ ਵੀ ਪਾਕ ਸੀ। ਉਹ ਬੜੀ ਕੋਸ਼ਿਸ਼ ਕਰਦੇ ਕਿ ਕਿਸੇ ਤਰ੍ਹਾਂ ਸ਼ਮੀਮ ਦਾ ਦੁਖ ਵਟਾ ਸਕਣ। ਸ਼ਹਿਰ ਵਿਚ ਰੋਜ਼ ਹੀ ਬੰਬ ਧਮਾਕੇ ਹੁੰਦੇ। ਕਦੇ ਪੁਲਿਸ ਗੋਲੀਆਂ ਚਲਾਉਂਦੀ ਤਾਂ ਕਦੇ ਮੁਜਾਹਿਦ। ਕਦੇ ਕਦਾਈਂ ਸ਼ਹਿਰ ਵਿਚ ਮੁਜਾਹਿਦਾਂ ਦੇ ਜਲੂਸ ਨਿਕਲਦੇ ਜਿਨ੍ਹਾਂ ਵਿਚ ਬਹੁਤ ਲੋਕ ਹੁੰਦੇ। ਜਦੋਂਕਿ ਇੰਨੀ ਤਾਂ ਆਬਾਦੀ ਵੀ ਨਹੀਂ ਸੀ ਬਚੀ। ਪਰ ਗੁਆਂਢੀ ਇਲਾਕਿਆਂ ਦੇ ਲੋਕ ਆਉਂਦੇ ਤੇ ਦਹਿਸ਼ਤ ਫੈਲਾ ਕੇ ਚਲੇ ਜਾਂਦੇ।

ਇਧਰ ਹਫ਼ਤੇ ਭਰ ਤੋਂ ਸ਼ਮੀਮ ਨੂੰ ਤੇਜ਼ ਬੁਖ਼ਾਰ ਸੀ। ਰਹਿਮਾਨ ਨੇ ਕਈ ਡਾਕਟਰਾਂ ਨੂੰ ਦਿਖਾਇਆ ਪਰ ਹੁਣ ਤੱਕ ਕੋਈ ਖ਼ਾਸ ਆਰਾਮ ਨਹੀਂ ਸੀ ਮਿਲਿਆ। ਸਿਰਦਰਦ ਦੇ ਮਾਰੇ ਉਸ ਦਾ ਬੁਰਾ ਹਾਲ ਸੀ। ਤਦੇ ਗੁਆਂਢ ਦੀ ਸ਼ਾਹਿਦਾ ਬਾਨੋ ਨੇ ਕਿਹਾ ਕਿ ਪੰਜਰਤਨ ਤੇਲ ਨਾਲ ਮਾਲਿਸ਼ ਕਰ ਦਿਓ। ਆਲੀਆ ਨੇ ਜਿਵੇਂ ਹੀ ਸੁਣਿਆ, ਉਹ ਨੱਠ ਕੇ ਦਵਾਈ ਦੀ ਦੁਕਾਨ ’ਤੇ ਪੁੱਜੀ। ਤੇਲ ਲੈ ਕੇ ਉਹ ਮੁੜ ਹੀ ਰਹੀ ਸੀ ਕਿ ਉਸ ਦੇ ਕੋਲ ਇਕ ਜੀਪ ਰੁਕੀ ਤੇ ਕੁਝ ਮੁਜਾਹਿਦਾਂ ਨੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਜੀਪ ਵਿਚ ਧੱਕ ਦਿੱਤਾ। ਉਹ ਰੋਂਦੀ ਚੀਖਦੀ ਰਹੀ ਪਰ ਜੀਪ ਦੌੜਦੀ ਰਹੀ। ਕੁਝ ਪਲਾਂ ਬਾਅਦ ਰੁਕੀ ਤੇ ਆਲੀਆ ਨੂੰ ਜਿਹਾਦੀ ਘੜੀਸਦੇ ਹੋਏ ਮਕਾਨ ਦੇ ਅੰਦਰ ਲੈ ਗਏ ਤੇ ਚੀਖਦੇ ਹੋਏ ਖ਼ੁਸ਼ੀ ਵਿਚ ਬੋਲੇ, ‘‘ਸ਼ਾਹ ਸਾਹਿਬ, ਦੇਖੋ ਤੁਹਾਡੇ ਲਈ ਕੀ ਗੁੰਦਵਾਂ ਮਾਲ ਲਿਆਏ ਹਾਂ। ਖ਼ੁਸ਼ੀਆਂ ਮਨਾਓ, ਮੌਜਾਂ ਕਰੋ। ਸ਼ਾਹ ਸਾਹਿਬ, ਤੇਲ ਇਸ ਦੇ ਹੱਥ ਵਿਚ ਹੈ ਕੰਮ ਆਵੇਗਾ।’’ ਉਹ ਠਹਾਕੇ ਮਾਰ ਕੇ ਹੱਸਣ ਲੱਗੇ ਤੇ ‘‘ਅਸੀਂ ਵੀ ਕੁਝ ਲੈ ਆਉਂਨੇ ਆਂ।’’ ਕਹਿ ਕੇ ਬਾਹਰ ਨੂੰ ਚਲੇ ਗਏ।

ਆਲੀਆ ਦੀ ਨਜ਼ਰ ਜਿਵੇਂ ਹੀ ਸਾਹਮਣੇ ਸ਼ਾਹ ਸਾਹਿਬ ’ਤੇ ਪਈ ਉਹ ਠੱਗੀ ਜਿਹੀ ਰਹਿ ਗਈ।

ਸਾਹਮਣੇ ਉਸ ਦਾ ਭਾਈ ਸ਼ਬੀਰ ਸੀ। ਉਹ ਭੜਕਦਿਆਂ ਬੋਲੀ, ‘‘ਆ ਐਸ਼ ਕਰ, ਗੌਰ ਨਾਲ ਦੇਖ, ਮੈਂ ਤੇਰੀ ਭੈਣ ਆਂ। ਇੱਜ਼ਤ ਲੁੱਟਣੀ ਹੈ ਤਾਂ ਮੈਂ ਖ਼ੁਦ ਹੀ ਕੱਪੜੇ ਲਾਹ ਦਿੰਨੀ ਆਂ।’’

ਸ਼ਬੀਰ ਨੇ ਹੱਥ ਫੜ ਕੇ ਉਸ ਦੀ ਗੱਲ੍ਹ ’ਤੇ ਥੱਪੜ ਮਾਰਿਆ, ‘‘ਆਲੀਆ, ਪਿੱਛੇ ਦਰਵਾਜ਼ੇ ਤੋਂ ਦੌੜ ਜਾ।’’

‘‘ਕਿਉਂ ਮੈਨੂੰ ਦੇਖ ਕੇ ਖੂਨ ਕਿਉਂ ਠੰਢਾ ਪੈ ਗਿਆ? ਕਿਸੇ ਨਾ ਕਿਸੇ ਦੀ ਆਬਰੂ ਤਾਂ ਲੁੱਟ ਕੇ ਹੀ ਰਹੋਗੇ ਨਾ, ਇਹ ਤੁਹਾਡੇ ਹੀ ਤਾਂ ਭੇਜੇ ਲੋਕ ਨੇ।’’

‘‘ਆਲੀਆ ਖ਼ੁਦਾ ਲਈ ਖ਼ਾਮੋਸ਼ ਹੋ ਜਾ, ਮੈਂ ਤੈਨੂੰ ਲਿਆਉਣ ਲਈ ਇਨ੍ਹਾਂ ਨੂੰ ਥੋੜ੍ਹਾ ਕਿਹਾ ਸੀ। ਆਲੀਆ ਤੈਨੂੰ ਅੱਬੂ ਤੇ ਅੰਮੀ ਦਾ ਵਾਸਤਾ ਇੱਥੋਂ ਦੌੜ ਜਾ।’’

ਉਸੇ ਪਲ ਆਲੀਆ ਨੂੰ ਸ਼ਮੀਮ ਦੀ ਤਬੀਅਤ ਯਾਦ ਆ ਗਈ। ਉਹ ਪਾਗਲਾਂ ਵਾਂਗ ਬੇਤਹਾਸ਼ਾ ਘਰ ਵੱਲ ਦੌੜਨ ਲੱਗੀ। ਰਸਤਾ ਉਸ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਸੀ। ਉਨ੍ਹਾਂ ਸੁੰਨਸਾਨ ਸੜਕਾਂ ’ਤੇ ਸੰਘਣਾ ਹਨੇਰਾ ਛਾਇਆ ਸੀ। ਪਾਗਲਾਂ ਵਾਂਗ ਉਹ ਦੌੜ ਰਹੀ ਸੀ ਤਦੇ ਉਸ ਨੂੰ ਪਿੱਛੇ ਕਿਸੇ ਗੱਡੀ ਦੀ ਰੌਸ਼ਨੀ ਦਿਖਾਈ ਦਿੱਤੀ। ਉਹ ਉੱਥੇ ਹੀ ਰੁਕ ਗਈ ਤੇ ਹੱਥ ਦੇ ਕੇ ਰੋਕਣ ਲੱਗੀ।

ਗੱਡੀ ਰੁਕੀ। ਉਸ ਵਿਚ ਸ਼ਬੀਰ ਸੀ। ਉਸ ਨੇ ਆਲੀਆ ਨੂੰ ਗੱਡੀ ਵਿਚ ਬਿਠਾਇਆ ਤੇ ਉਸ ਨੂੰ ਘਰ ਪਹੁੰਚਾਇਆ। ਘਰ ਦੇ ਬਾਹਰ ਰਹਿਮਾਨ ਤੇ ਸਲਮਾ ਪਰੇਸ਼ਾਨ ਖੜ੍ਹੇ ਸੀ। ਗੱਡੀ ਵਿਚੋਂ ਉਤਰਦੀ ਆਲੀਆ ਤੇ ਸ਼ਬੀਰ ਨੂੰ ਇਕੱਠਿਆਂ ਦੇਖ ਕੇ ਰਹਿਮਾਨ ਬੇਚੈਨ ਜਿਹਾ ਹੋ ਗਿਆ ਸੀ।

ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸ਼ਬੀਰ ਨੇ ਅੱਬੂ ਨੂੰ ਕਿਹਾ, ‘‘ਰਾਤ ਨੂੰ ਇਸ ਨੂੰ ਇਕੱਲਿਆਂ ਕਿੱਥੇ ਭੇਜਿਆ ਸੀ, ਨਿਕਾਹ ਤੱਕ ਇਸ ਨੂੰ ਬਾਹਰ ਨਾ ਆਉਣ ਦੇਣਾ।’’

ਰਹਿਮਾਨ ਸੁਣ ਕੇ ਹੈਰਾਨ ਸੀ, ‘‘ਕੀ ਤੈਨੂੰ ਪਤਾ ਲੱਗ ਗਿਆ ਕਿ ਇਸ ਦਾ ਨਿਕਾਹ ਹੋਣ ਵਾਲਾ ਹੈ?’’

‘‘ਹਾਂ ਮੌਲਵੀ ਸਾਹਿਬ ਨੇ ਖ਼ਬਰ ਭੇਜੀ ਸੀ, ਇਸ ਲਈ ਮੈਂ ਅੱਜ ਇੱਥੇ ਆਇਆਂ।’’

ਆਲੀਆ ਨੂੰ ਮਾਂ ਦੇ ਹਵਾਲੇ ਕਰ ਸ਼ਬੀਰ ਜਾਣ ਲੱਗੇ ਭੈਣ ਨੂੰ ਗਲ ਨਾਲ ਲਾ ਕੇ ਕੰਨ ਵਿਚ ਫੁਸਫੁਸਾਉਣ ਲੱਗਾ, ‘‘ਮੈਨੂੰ ਮੁਆਫ਼ ਕਰਨਾ।’’

ਸ਼ਬੀਰ ਜੀਪ ਵਿਚ ਬੈਠ ਕੇ ਚਲਾ ਗਿਆ। ਰਹਿਮਾਨ ਨੇ ਉਸ ਨੂੰ ਰੁਕਣ ਲਈ ਨਾ ਕਿਹਾ।

ਸਭ ਘਰ ਵਾਲਿਆਂ ਨੇ ਆਲੀਆ ਤੋਂ ਪੁੱਛਿਆ, ‘‘ਤੂੰ ਕਿੱਥੇ ਚਲੀ ਗਈ ਸੀ? ਸ਼ਬੀਰ ਕਿੱਥੇ ਮਿਲਿਆ?’’

ਆਲੀਆ ਦੋ ਕੁ ਮਿੰਟ ਰੁਕ ਕੇ ਬੋਲੀ, ‘‘ਅੱਬੂ, ਦਵਾਈ ਵਾਲੀ ਦੁਕਾਨ ਤੋਂ ਨਿਕਲ ਕੇ ਮੈਂ ਘਰ ਨੂੰ ਆ ਰਹੀ ਸੀ ਕਿ ਭਾਈਜਾਨ ਇਕ ਗਲੀ ਕੋਲ ਮਿਲ ਗਏ। ਤੁਹਾਡਾ ਸਭ ਦਾ ਹਾਲ ਪੁੱਛ ਰਹੇ ਸੀ। ਇਸ ਲਈ ਦੇਰ ਹੋ ਗਈ।’’

ਦਰਅਸਲ ਆਲੀਆ ਹਕੀਕਤ ਬਿਆਨ ਕਰਕੇ ਘਰ ਵਾਲਿਆਂ ਨੂੰ ਨਵਾਂ ਸਦਮਾ ਨਹੀਂ ਦੇਣਾ ਚਾਹੁੰਦੀ ਸੀ।