ਲੰਡਨ, 20 ਦਸੰਬਰ

ਆਲਮੀ ਤਪਸ਼ ਕਾਰਨ ਹਿਮਾਲਿਆ ਦੇ ਗਲੇਸ਼ੀਅਰ ‘ਗ਼ੈਰ-ਸਧਾਰਨ ਦਰ’ ਨਾਲ ਪਿਘਲ ਰਹੇ ਹਨ, ਜਿਸ ਕਾਰਨ ਏਸ਼ੀਆ ਦੇ ਲੱਖਾਂ ਲੋਕਾਂ ਨੂੰ ਪਾਣੀ ਦੀ ਘਾਟ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਦਾਅਵਾ ਸੋਮਵਾਰ ਨੂੰ ਪ੍ਰਕਾਸ਼ਿਤ ਇੱਕ  ਰਿਪੋਰਟ ਵਿੱਚ ਹੋਇਆ ਹੈ। ਖੋਜੀਆਂ ਨੇ ਕਿਹਾ ਹੈ ਕਿ ਹਿਮਾਲਿਆ ਦੇ ਗਲੇਸ਼ੀਅਰਾਂ ਨੇ ਪਿਛਲੇ ਕੁਝ ਦਹਾਕਿਆਂ ਵਿੱਚ 400 ਤੋਂ 700 ਸਾਲ ਪਹਿਲਾਂ ਹੋਏ ਗਲੇਸ਼ੀਅਰ ਵਿਸਤਾਰ ਦੀ ਤੁਲਨਾ ਵਿੱਚ ਔਸਤਨ ਦਸ ਗੁਣਾ ਵਧ ਤੇਜ਼ੀ ਨਾਲ ਬਰਫ ਗੁਆਈ ਹੈ। ਗਲੇਸ਼ੀਅਰਾਂ ’ਚ ਵਾਧੇ ਦੇ ਉਸ ਜੁੱਗ ਨੂੰ ‘ਹਿਮ ਜੁੱਗ’ ਜਾਂ ‘ਆਈਸ ਏਜ’ ਕਿਹਾ ਜਾਂਦਾ ਹੈ। ਜਰਨਲ ‘ਸਾਇੰਟੇਫਿਕ ਰਿਪੋਰਟਸ’ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਗਲੇਸ਼ੀਅਰ ਦੁਨੀਆਂ ਦੇ ਹੋਰਨਾਂ ਹਿੱਸਿਆਂ ਦੇ ਗਲੇਸ਼ੀਅਰਾਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਪਿਘਲ ਰਹੇ ਹਨ। ਬਰਤਾਨੀਆਂ ਦੀ ਲੀਡਜ਼ ਯੂਨੀਵਰਸਿਟ ਦੇ ਖੋਜਕਰਤਾਵਾਂ ਦੀ ਅਗਵਾਈ ਵਿੱਚ ਇੱਕ ਟੀਮ ਨੇ ‘ਲਿਟਿਲ ਆਈਸ ਏਜ’ ਦੇ ਦੌਰਾਨ ਹਿਮਾਲਿਆ ਦੇ 14,798 ਗਲੇਸ਼ੀਆਂ ਦੇ ਆਕਾਰ ਅਤੇ ਬਰਫ ਦੀਆਂ ਤਹਿਆਂ ਦਾ ਮੁੜ ਨਿਰਮਾਣ ਕੀਤਾ। ਉਨ੍ਹਾਂ ਮੁਲਾਂਕਣ ਕੀਤਾ ਕਿ ਗਲੇਸ਼ੀਆਂ ਨੇ ਆਪਣੇ ਖੇਤਰ ਦਾ ਲੱਗਪਗ 40 ਫ਼ੀਸਦੀ ਹਿੱਸਾ ਗੁਆ ਦਿੱਤਾ ਹੈ। ਇਸ ਦਾ ਆਕਾਰ 28,000 ਵਰਗ ਕਿਲੋਮੀਟਰ ਦੇ ਸਭ ਤੋਂ ਵੱਧ ਰਕਬੇ ਤੋਂ ਘਟ ਕੇ 19,600 ਕਿਲੋਮੀਟਰ ਰਹਿ ਗਿਆ ਹੈ। ਬਰਫ ਪਿਘਲਣ ਕਾਰਨ ਪਾਣੀ ਨੇ ਦੁਨੀਆਂ ਭਰ ’ਚ ਸੁਮੰਦਰ ਦੇ ਪੱਧਰ ਨੂੰ 0.92 ਮਿਲੀਮੀਟਰ ਤੋਂ 1.38 ਮਿਲੀਮੀਟਰ ਤੱਕ ਵਧਾ ਦਿੱਤਾ ਹੈ।