ਮੁੰਬਈ:ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋਵੇਗੀ। ਇਹ ਆਯੂਸ਼ਮਾਨ ਦੀ ਪਹਿਲੀ ਫਿਲਮ ਹੈ ਜਿਸ ਦੀ ਸ਼ੂਟਿੰਗ ਭਾਰਤ ਤੇ ਇੰਗਲੈਂਡ ਵਿਚ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਅਨਿਰੁਧ ਅਈਅਰ ਹਨ। ਇਹ ਫਿਲਮ ਆਯੂਸ਼ਮਾਨ ਦੀ ਪਹਿਲੀ ਐਕਸ਼ਨ ਫਿਲਮ ਹੋਵੇਗੀ। ਇਹ ਫਿਲਮ ਟੀ-ਸੀਰੀਜ਼ ਅਤੇ ਕਲਰ ਯੈਲੋ ਪ੍ਰੋਡਕਸ਼ਨ ਦੇ ਸਾਂਝੇ ਉਦਮ ਨਾਲ ਤਿਆਰ ਕੀਤੀ ਜਾਵੇਗੀ ਜੋ ਐਕਸ਼ਨ ਅਤੇ ਵਿਅੰਗ ਦੇ ਸੁਮੇਲ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਟੀ-ਸੀਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਭੂਸ਼ਣ ਕੁਮਾਰ ਨੇ ਫਿਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਫਿਲਮ ਨਵੀਂ ਕਹਾਣੀ ’ਤੇ ਆਧਾਰਿਤ ਹੈ ਤੇ ਆਯੂਸ਼ਮਾਨ ਤੋਂ ਬਿਹਤਰ ਕੌਣ ਇਸ ਭੂਮਿਕਾ ਲਈ ਫਿੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫਿਲਮ ਦੀ ਇੰਗਲੈਂਡ ਵਿਚ ਸ਼ੂਟਿੰਗ ਕਰਨ ਲਈ ਖਾਸੇ ਉਤਸ਼ਾਹਿਤ ਹਨ।  ਕਹਾਣੀਕਾਰ ਆਨੰਦ ਐੱਲ. ਰਾਏ ਨੇ ਕਿਹਾ ਕਿ ‘ਐਨ ਐਕਸ਼ਨ ਹੀਰੋ’ ਦਿਲਚਸਪ ਫਿਲਮ ਹੋਵੇਗੀ। ਇਹ ਫਿਲਮ ਅਨਿਰੁਧ ਅਈਅਰ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਤਨੂ ਵੈਡਜ਼ ਮਨੂ’ ਤੇ ‘ਜ਼ੀਰੋ’ ਵਿਚ ਵਧੀਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਆਯੂਸ਼ਮਾਨ ਦੀ ਫਿਲਮ ‘ਚੰਡੀਗੜ੍ਹ ਕਰੇ ਆਸ਼ਕੀ’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।