ਸ੍ਰੀ ਮੁਕਤਸਰ ਸਾਹਿਬ, ਥਾਣਾ ਗਿੱਦੜਬਾਹਾ ਦੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸੰਤ ਸਿੰਘ ਬਰਾੜ ਦੇ ਪੁੱਤ ਕੁਲਜੀਤ ਸਿੰਘ ਮੌਂਟੀ ਬਰਾੜ ਅਤੇ ਨੂੰਹ ਜਸਕਿੰਦਰ ਕੌਰ ਖ਼ਿਲਾਫ਼ ਧਾਰਾ 420, 506 ਤੇ 120 ਬੀ ਤਹਿਤ ਕੇਸ ਦਰਜ ਕੀਤਾ ਹੈ। ਪੈਸਿਆਂ ਦੀ ਇਹ ਹੇਰਾ-ਫੇਰੀ ਗਿੱਦੜਬਾਹਾ ਦੇ ਦੋ ਵਪਾਰੀਆਂ ਨਾਲ ਹੋਈ, ਜਿਨ੍ਹਾਂ ਬਠਿੰਡਾ ਅਤੇ ਮੁਕਤਸਰ ਦੇ ਸ਼ਰਾਬ ਦੇ ਠੇਕੇ ਲੈਣ ਵਾਸਤੇ 2015-16 ਵਿੱਚ ਇਸ ਜੋੜੇ ਨੂੰ ਪੈਸੇ ਦਿੱਤੇ ਸਨ।  ਉਸ ਵੇਲੇ ਸੰਤ ਸਿੰਘ ਬਰਾੜ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਸਨ। ਸੀਨੀਅਰ ਪੁਲੀਸ ਕਪਤਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਗਿੱਦੜਬਾਹਾ ਵਾਸੀ ਸਾਬਕਾ ਪਟਵਾਰੀ ਹਾਕਮ ਸਿੰਘ ਨੇ ਸੀਨੀਅਰ ਪੁਲੀਸ ਕਪਤਾਨ ਨੂੰ ਅਰਜ਼ੀ ਦੇ ਕੇ ਦੋਸ਼ ਲਾਇਆ ਕਿ ਮੌਂਟੀ ਬਰਾੜ ਤੇ ਉਸ ਦੀ ਪਤਨੀ ਜਸਕਿੰਦਰ ਕੌਰ ਨੇ ਉਸ ਦੇ ਪੁੱਤ ਕ੍ਰਿਸ਼ਨ ਕੁਮਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਚੋਖਾ ਮੁਨਾਫ਼ਾ ਹੋਣ ਦੀ ਗੱਲ ਆਖੀ। ਉਨ੍ਹਾਂ ਭਰੋੋਸਾ ਕਰਦਿਆਂ ਜਸਕਿੰਦਰ ਕੌਰ ਦੇ ਖਾਤੇ ਵਿੱਚ 85 ਲੱਖ ਰੁਪਏ ਪਾ ਦਿੱਤੇ, ਜਦੋਂ ਕਿ 61 ਲੱਖ 86  ਹਜ਼ਾਰ 400 ਰੁਪਏ ਨਕਦ ਪਰਚੀਆਂ ਪਾਉਣ ਵਾਸਤੇ ਅਤੇ ਉਸ ਤੋਂ ਬਾਅਦ ਵੀ ਦਿੱਤੇ। ਇਸ ਤਰ੍ਹਾਂ ਗਿੱਦੜਬਾਹਾ ਦੇ ਇਕ ਹੋਰ ਵਪਾਰੀ ਜੀਤ ਕੁਮਾਰ ਨੇ ਜਸਕਿੰਦਰ ਤੇ ਮੌਂਟੀ ਦੇ ਖਾਤਿਆਂ ਵਿੱਚ 95 ਲੱਖ ਰੁਪਏ ਠੇਕਿਆਂ ਵਾਸਤੇ ਪਾ ਦਿੱਤੇ ਅਤੇ 3 ਕਰੋੜ 42 ਲੱਖ ਰੁਪਏ ਨਕਦ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿੱਚ ਇਸ ਜੋੜੇ ਨੇ ਪੈਸਿਆਂ ਦਾ ਕੋਈ ਹਿਸਾਬ ਨਹੀਂ ਦਿੱਤਾ। ਰੌਲਾ ਪੈਣ ’ਤੇ ਮੌਂਟੀ ਬਰਾੜ ਨੇ ਜੀਤ ਕੁਮਾਰ ਦੇ 2 ਕਰੋੜ 57 ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ 1 ਕਰੋੜ 80 ਲੱਖ ਰੁਪਏ ਛੇਤੀ ਦੇਣ ਦਾ ਇਕਰਾਰ ਕਰ ਲਿਆ ਪਰ ਹਾਕਮ ਸਿੰਘ ਤੇ ਕ੍ਰਿਸ਼ਨ ਕੁਮਾਰ ਨੂੰ 1 ਕਰੋੜ 46 ਲੱਖ 86 ਹਜ਼ਾਰ 400 ਰੁਪਏ ਦਾ ਚੈੱਕ ਦੇ ਦਿੱਤਾ, ਜੋ ਬਾਊਂਸ ਹੋ ਗਿਆ।