ਨਵੀਂ ਦਿੱਲੀ:ਅਦਾਕਾਰ ਰਣਬੀਰ ਕਪੂਰ ਆਪਣੇ ਦਾਦਾ ਅਤੇ ਹਿੰਦੀ ਸਿਨੇ ਜਗਤ ਦੇ ਮਹਾਨ ਅਦਾਕਾਰ ਰਾਜ ਕਪੂਰ ਦੇ ਜੀਵਨ ਬਾਰੇ ‘ਫੀਚਰ ਫਿਲਮ’ ਬਣਾਉਣੀ ਚਾਹੁੰਦਾ ਹੈ। ਉਹ ਇੱਥੇ ਪੁਸਤਕ ‘ਰਾਜ ਕਪੂਰ: ਦਿ ਮਾਸਟਰ ਐਟ ਵਰਕ’ ਦੇ ਰਿਲੀਜ਼ ਸਮਾਗਮ ਦੌਰਾਨ ਸੰਬੋਧਨ ਕਰ ਰਿਹਾ ਸੀ। ‘ਬਲੂਮਜ਼ਬਰੀ ਇੰਡੀਆ’ ਵੱਲੋਂ ਪ੍ਰਕਾਸ਼ਿਤ ਇਹ ਕਿਤਾਬ ਫਿਲਮਸਾਜ਼ ਰਾਹੁਲ ਰਾਵੇਲ ਨੇ ਲਿਖੀ ਹੈ, ਜਿਸ ਨੇ ਰਾਜ ਕਪੂਰ ਨਾਲ ‘ਬੌਬੀ’ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਰਣਬੀਰ ਨੂੰ ਇਹ ਪੁੱਛਣ ’ਤੇ ਕਿ ਜੇ ਅੱਜ ਉਸ ਦੇ ਦਾਦਾ ਜੀ ਜਿਊਂਦੇ ਹੁੰਦੇ ਤਾਂ ਉਹ ਉਨ੍ਹਾਂ ਨੂੰ ਕੀ ਕਹਿੰਦਾ,  ਅਦਾਕਾਰ ਨੇ ਜਵਾਬ ਦਿੱਤਾ, ‘‘ਮੈਂ ਉਨ੍ਹਾਂ ਨਾਲ ਦੋ ਘੁੱਟ ਲਾਉਂਦਾ ਅਤੇ ਉਨ੍ਹਾਂ ਨਾਲ ਜ਼ਿੰਦਗੀ ਬਾਰੇ ਗੱਲਾਬਤ ਕਰਦਾ। ਮੈਂ ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ਬਣਾਉਣ ਦਾ ਚਾਹਵਾਨ ਹਾਂ। ਜਦੋਂ ਰਾਹੁਲ ਅੰਕਲ ਉਨ੍ਹਾਂ ਨਾਲ ਕੰਮ ਕਰ ਰਹੇ ਸਨ ਤਾਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ ਜੋ ਜਨਤਕ ਨਹੀਂ ਹੋ ਸਕੀਆਂ। ਮੈਨੂੰ ਪਤਾ ਹੈ ਕਿ ਰਾਹੁਲ ਅੰਕਲ ਕੋਲ ਅਜਿਹੀਆਂ ਬਹੁਤ ਕਹਾਣੀਆਂ ਹਨ, ਜੋ ਉਨ੍ਹਾਂ ਪੁਸਤਕ ਵਿੱਚ ਨਹੀਂ ਲਿਖੀਆਂ।’’ ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਮਰਹੂਮ ਫਿਲਮਸਾਜ਼ ਅਤੇ ਅਦਾਕਾਰ ਦੇ 97ਵੇਂ ਜਨਮ ਦਿਨ ’ਤੇ ਇੱਥੇ ਇੰਡੀਆ ਹੈਬੀਟੇਟ ਸੈਂਟਰ ਦੇ ਆਡੀਟੋਰੀਅਮ ’ਚ ਇਹ ਪੁਸਤਕ ਰਿਲੀਜ਼ ਕੀਤੀ।