ਪੈਂਤੀ ਅੱਖਰੀ ਬਣ ਗਈ ਸੀ। ਹੁਣ ਅੱਖਰਾਂ ਨੇ ਮਿਲ ਕੇ ਸ਼ਬਦ ਬਣਾਉਣੇ ਸਨ। ‘ਸ਼ਬਦ ਬਣਾਉਣ ਵੇਲੇ ਅੱਖਰਾਂ ਨੂੰ ਕਈ ਥਾਵਾਂ ’ਤੇ ਆਪਣੀ ਆਵਾਜ਼ ’ਤੇ ਦਬਾ ਦੇਣਾ ਪੈਣਾ ਜਾਂ ਆਪਣੀ ਆਵਾਜ਼ ਨੂੰ ਦੁੱਗਣਾ ਕਰਨਾ ਪੈਣਾ ਸੀ। ਆਵਾਜ਼ ’ਤੇ ਦਬਾ ਦੇਣ ਲਈ ਅੱਖਰਾਂ ਨੂੰ ਆਪਣੀ ਸੋਹਣੀ ਸ਼ਕਲ ਵਿਗਾੜਨੀ ਵੀ ਪੈਣੀ ਹੈ।’ ‘ੳ’ ਨੂੰ ਇਹ ਖਿਆਲ ਆਇਆ। ਅੱਖਰਾਂ ਦੀ ਦੁੱਗਣੀ ਆਵਾਜ਼ ਦੀ ਸਮੱਸਿਆ ਦੇ ਹੱਲ ਲਈ ‘ੳ’ ਨੇ ਉਸੇ ਵੇਲੇ ਸਾਰੇ ਅੱਖਰਾਂ ਨੂੰ ਸੱਥ ਵਿਚ ਇਕੱਠੇ ਕਰ ਲਿਆ।

‘ਭਰਾਵੋ! ਮੈਂ, ‘ਅ’ ਤੇ ਭੈਣ ‘ੲ’ ਸਵਰ ਹਾਂ। ਵੱਖ ਵੱਖ ਸ਼ਬਦ ਬਣਾਉਣ ਵੇਲੇ ਸਾਨੂੰ ਆਪਣੀ ਆਵਾਜ਼ ’ਤੇ ਦਬਾ ਨਹੀਂ ਦੇਣਾ ਪੈਣਾ, ਪਰ ਤੁਹਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ’ਤੇ ਦਬਾ ਦੇਣ ਲਈ ਅੱਧੇ (ਪੂਰੇ ਨਾਲ ਅੱਧੇ) ਵੀ ਹੋਣਾ ਪੈਣਾ ਹੈ। ਕੀ ਤੁਸੀਂ ਅੱਧੇ ਹੋਣ ਲਈ ਤਿਆਰ ਹੋ?’ ‘ੳ’ ਨੇ ਖੜ੍ਹੇ ਹੋ ਕੇ ਪੁੱਛਿਆ।

‘ਅਸੀਂ ਕਿਸੇ ਵੀ ਸ਼ਬਦ ਨੂੰ ਬਣਾਉਣ ਵੇਲੇ ਅੱਧੇ ਹੋ ਕੇ ਆਪਣੀ ਸ਼ਕਲ ਨਹੀਂ ਵਿਗਾੜਨੀ।’ ਸਾਰੇ ਅੱਖਰ ਇਕੱਠੇ ਹੀ ਬੋਲ ਪਏ। ਸਾਰੇ ਅੱਖਰਾਂ ਨੇ ਅੱਧੇ ਅੱਖਰ ਦੀ ਥਾਂ ਵਰਤੇ ਜਾਣ ਵਾਸਤੇ ਇਕ ਹੋਰ ਲਗਾਖਰ ਲੱਭ ਲਿਆ। ਇਸ ਲਗਾਖਰ ਨੂੰ ਉਹ ਅੱਧਕ ਆਖਣ ਲੱਗ ਪਏ। ਪਰ ਤਿੰਨ ਅੱਖਰ ‘ਹ’, ‘ਰ’ ਤੇ ‘ਵ’ ਸ਼ਸ਼ੋਪੰਜ ਵਿਚ ਪੈ ਗਏ।

‘ਸ਼ਬਦ ਬਣਾਉਣ ਵੇਲੇ ਸਾਨੂੰ ਆਪਣੀ ਆਵਾਜ਼ ਉੱਪਰ ਦਬਾ ਦੇਣ ਦੀ ਬਹੁਤ ਘੱਟ ਲੋੜ ਪੈਣੀ ਹੈ। ਸ਼ਬਦ ਬਣਾਉਣ ਵੇਲੇ ਸਾਨੂੰ ਤੇ ਹੋਰਨਾਂ ਅੱਖਰਾਂ ਨਾਲ ਲੱਗਣਾ ਪੈਣਾ।’ ‘ਹ’, ‘ਰ’ ਤੇ ‘ਵ’ ਆਖਣ ਲੱਗੇ।

‘ਭਰਾਵੋ! ਇਹ ਚੰਗੀ ਗੱਲ ਹੈ ਕਿ ਤੁਸੀਂ ਹੋਰ ਅੱਖਰਾਂ ਨਾਲ ਲੱਗ ਕੇ ਵੀ ਸ਼ਬਦ ਬਣਾਉਣੇ ਹਨ, ਪਰ ਤੁਸੀਂ ਕਿਸੇ ਅੱਖਰ ਦੇ ਸਿਰ ’ਤੇ ਬਹਿ ਕੇ ਉਸ ਦਾ ਰੋਹਬ ਨਹੀਂ ਗਵਾਓਗੇ। ਤੁਹਾਨੂੰ ਅੱਖਰਾਂ ਦੇ ਪੈਰਾਂ ਵਿਚ ਬਹਿਣਾ ਪਵੇਗਾ।’ ‘ੳ’ ਨੇ ਆਪਣੀ ਰਾਇ ਦਿੱਤੀ।

‘ਹ’, ‘ਰ’ ਤੇ ‘ਵ’ ਪੈਰ ਵਿਚ ਬਹਿਣ ਲਈ ਵੀ ਤਿਆਰ ਸਨ।

‘ਠੀਕ ਹੈ, ਠੀਕ ਹੈ।’ ਆਖਦਿਆਂ ‘ਹ’, ‘ਰ’ ਤੇ ‘ਵ’ ਨੇ ਆਪਣੀ ਸਹਿਮਤੀ ਦਿੱਤੀ ਤੇ ਸੱਥ ਵਿਚ ਜੁੜੇ ਅੱਖਰਾਂ ਨੇ ਤਿੰਨਾਂ ਨੂੰ ਆਪੇ, ਆਪਣਾ ਛੋਟਾ (ਅੱਧਾ) ਰੂਪ ਬਣਾ ਲੈਣ ਦੀ ਖੁੱਲ੍ਹ ਦੇ ਦਿੱਤੀ।

ਅੱਖਰਾਂ ਦੀ ਸੱਥ ਵਿਚ ਸਾਰੇ ਅਨੁਨਾਸਕ ਚੁੱਪਚਾਪ ਪਿੱਛੇ ਬੈਠੇ ਸਨ। ‘ੳ’ ਨੇ ਅਨੁਨਾਸਕਾਂ ਨੂੰ ਵੀ ਅੱਧਕ ਦੀ ਵਰਤੋਂ ਪ੍ਰਤੀ ਆਪਣੀ ਸਹਿਮਤੀ ਦੇਣ ਲਈ ਤੇ ਕੁਝ ਬੋਲਣ ਲਈ ਆਖਿਆ।

‘ਅਸੀਂ ਕੀ ਬੋਲਣਾ। ਸ਼ਬਦਾਂ ਵਿਚ ਪਹਿਲੀ ਥਾਂ ’ਤੇ ਸਾਡੀ ਵਰਤੋਂ ਕਦੇ ਹੋਣੀ ਹੀ ਨਹੀਂ ਹੈ।’ ‘ਣ’ ਤੇ ‘ੜ’ ਨੇ ਆਖਿਆ।

‘ਸ਼ਬਦਾਂ ਵਿਚ ਸਾਡੀ ਵਰਤੋਂ ਤੇ ਉਂਜ ਹੀ ਬਹੁਤ ਘੱਟ ਹੋਣੀ ਹੈ।’ ‘ਙ’ ਤੇ ‘ਞ’ ਨੇ ਜਿਵੇਂ ਅਫ਼ਸੋਸ ਜ਼ਾਹਿਰ ਕੀਤਾ।

‘ਸਾਡੀ ਸਾਰੇ ਅਨੁਨਾਸਕਾਂ ਦੀ ਵੱਖਰੀ ਪਛਾਣ ਹੈ। ਸਾਡੇ ਉਚਾਰਨ ਵੇਲੇ ਆਵਾਜ਼ ਨੱਕ ਵਿਚੋਂ ਆਉਂਦੀ ਹੈ। ਅਸੀਂ ਆਪਣੀ ਆਵਾਜ਼ ’ਤੇ ਦਬਾ ਵੀ ਦੇਣਾ ਤੇ ਦੂਸਰੇ ਅੱਖਰਾਂ ਨਾਲ ਲੱਗ ਕੇ ਨਵੇਂ ਸ਼ਬਦ ਵੀ ਘੜਨੇ ਹਨ। ਇਸ ਕਰਕੇ ਅੱਧਕ ਨਹੀਂ, ਸਾਡੀ ਵੱਖਰੀ ਪਛਾਣ ਲਈ ਕੋਈ ਹੋਰ ਵੱਖਰਾ ਲਗਾਖਰ ਹੋਣਾ ਚਾਹੀਦਾ।’ ‘ਨ’ ਤੇ ‘ਮ’ ਆਖ ਰਹੇ ਸਨ।

‘ਅਨੁਨਾਸਕ ਭਰਾਵੋ! ਤੁਸੀਂ ਗੁਰਮੁਖੀ ਪਰਿਵਾਰ ਦੇ ਮਾਣਮੱਤੇ ਮੈਂਬਰ ਹੋ। ਸਾਨੂੰ, ਤੁਹਾਡੀ ਵੱਖਰੀ ਪਛਾਣ ’ਤੇ ਮਾਣ ਹੈ। ਤੁਹਾਡੀ ਵੱਖਰੀ ਪਛਾਣ ਇੰਜ ਹੀ ਬਣੀ ਰਹੇਗੀ। ਤੁਹਾਡੇ ਵਿਚੋਂ ਜਿਨ੍ਹਾਂ ਦੀ ਵਰਤੋਂ ਘੱਟ ਹੋਣੀ ਹੈ, ਉਨ੍ਹਾਂ ਨੂੰ ਵੀ ਪੂਰਾ ਮਾਣ ਦਿੱਤਾ ਜਾਵੇਗਾ।’ ਸਾਰੇ ਅਨੁਨਾਸਕਾਂ ਦੀਆਂ ਸਮੱਸਿਆਵਾਂ ਸੁਣ ਕੇ ਤੇ ਸਾਰੇ ਅਨੁਨਾਸਕਾਂ ਦੀ ਰਾਇ ਜਾਣ ਕੇ ‘ੳ’ ਨੇ ਆਖਿਆ।

ਫਿਰ ਸਾਰੇ ਅੱਖਰ, ਅਨੁਨਾਸਕਾਂ ਦੀ ਆਵਾਜ਼ ਨੂੰ ਦੁੱਗਣਾ ਕਰਨ ਲਈ ਜਾਂ ਅਨੁਨਾਸਕਾਂ ਦੀ ਹੋਰ ਅੱਖਰਾਂ ਨਾਲ ਵਰਤੋਂ ਲਈ ਇਕੱਠੇ ਹੋ ਕੇ ‘ਟਿੱਪੀ’ ਕੋਲ ਪਹੁੰਚ ਗਏ। ਅੱਖਰਾਂ ਨੇ ‘ਟਿੱਪੀ’ ਨੂੰ ਅਨੁਨਾਸਕਾਂ ਦੀ ਆਵਾਜ਼ ਦਾ ਕੰਮ ਕਰਨ ਲਈ ਆਖਿਆ।

‘ਮੈਂ ਅਨੁਨਾਸਕਾਂ ਦੀ ਆਵਾਜ਼ ਦਾ ਕੰਮ ਤਾਂ ਕਰ ਦੇਵਾਂਗੀ, ਪਰ ਮੇਰੀ ਸ਼ਰਤ ਇਹ ਹੈ ਕਿ ਮੇਰੇ ਨਾਲ ਬਿੰਦੀ ਵੀ ਰਹਿੰਦੀ ਹੈ। ਮੇਰੇ ਨਾਲ ਬਿੰਦੀ ਵੀ ਅਨੁਨਾਸਕਾਂ ਦਾ ਆਵਾਜ਼ ਦਾ ਕੰਮ ਕਰੇਗੀ।’ ‘ਟਿੱਪੀ’ ਨੇ ਆਖਿਆ।

ਸਾਰੇ ਅੱਖਰ ‘ਟਿੱਪੀ’ ਦਾ ਸੁਹੱਪਣ ਵੇਖ ਕੇ ਉਸ ਨੂੰ ਆਪਣੇ ਪਰਿਵਾਰ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ। ਸਾਰੇ ਅੱਖਰ ‘ਟਿੱਪੀ’ ਨਾਲ ਬਿੰਦੀ ਨੂੰ ਵੀ ਆਪਣੇ ਪਰਿਵਾਰ ਵਿਚ ਸ਼ਾਮਲ ਕਰਨ ਲਈ ਤੁਰੰਤ ਮੰਨ ਗਏ। ‘ਕਿਹੜੀ ਮਾਤਰਾ ਨਾਲ ਟਿੱਪੀ ਲੱਗੇਗੀ ਤੇ ਕਿਹੜੀ ਨਾਲ ਬਿੰਦੀ।’ ਹੁਣ ਇਹ ਫ਼ੈਸਲਾ ਕਰਨਾ ਸੀ। ਅੱਖਰਾਂ ਦੀ ਇਸ ਸਮੱਸਿਆ ਨੂੰ ਟਿੱਪੀ ਤੇ ਬਿੰਦੀ ਨੇ ਆਪੇ ਹੀ ਨਬੇੜ ਲਿਆ। ਮੁਕਤਾ, ਸਿਹਾਰੀ, ਔਂਕੜ ਤੇ ਦੂਲੈਂਕੜ ਨਾਲ ਟਿੱਪੀ ਲੱਗਣ ਲਈ ਤਿਆਰ ਸੀ। ਉਸ ਨੇ ਬਾਕੀ ਮਾਤਰਾਵਾਂ ਬਿੰਦੀ ਨੂੰ ਦੇ ਦਿੱਤੀਆਂ। ਸੱਥ ਵਿਚਲੇ ਸਭ ਤੋਂ ਮੋਹਰੀ ਅੱਖਰ ‘ੳ’ ਨੂੰ ਬਿੰਦੀ ਨੇ ਚਾਅ ਨਾਲ ਪਹਿਲਾਂ ਹੀ ਮੱਲ ਲਿਆ ਸੀ।

‘ਭਾਉ ‘ੳ’ ਨਾਲ ਤੇ ਹਮੇਸ਼ਾਂ ਮੈਂ ਹੀ ਲੱਗਾਂਗੀ।’ ਬਿੰਦੀ ਨੇ ਆਖਿਆ।

ਇਸ ਤਰ੍ਹਾਂ ਸਾਰੇ ਅੱਖਰਾਂ ਨੇ ਸੱਥ ਵਿਚ ਇਕੱਠੇ ਹੋ ਕੇ ਆਪਣੀ ਦਬਾ ਵਾਲੀ ਸਮੱਸਿਆ ਨੂੰ ਨਬੇੜ ਲਿਆ। ਸਾਰੇ ਅੱਖਰ ਖੁਸ਼ ਸਨ। ਸਾਰੇ ਅੱਖਰ ਅੱਧਕ ਤੇ ਬਿੰਦੀ-ਟਿੱਪੀ ਨੂੰ ਲੈ ਕੇ ਚਾਈਂ-ਚਾਈਂ ਸ਼ਬਦ ਬਣਾਉਣ ਲੱਗ ਪਏ।

ਇਕਬਾਲ ਸਿੰਘ ਹਮਜਾਪੁਰ