ਦੇਹਰਾਦੂਨ, 25 ਸਤੰਬਰ

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਬਲਾਕ ਦੇ ਵਣਤੰਤਰ ਰਿਜ਼ੌਰਟ ’ਚ ਬਤੌਰ ਰਿਸੈਪਸ਼ਨਿਸਟ ਕੰਮ ਕਰਦੀ 19 ਸਾਲਾ ਲੜਕੀ ਅੰਕਿਤਾ ਭੰਡਾਰੀ ਦੀ ਲਾਸ਼ ਅੱਜ ਇੱਥੋਂ ਦੀ ਿਚਲਾ ਨਹਿਰ ’ਚੋਂ ਬਰਾਮਦ ਹੋਈ ਹੈ। ਇਹ ਲੜਕੀ ਛੇ ਦਿਨ ਪਹਿਲਾਂ ਰਿਜ਼ੌਰਟ ਵਿਚਲੇ ਆਪਣੇ ਕਮਰੇ ਤੋਂ ਲਾਪਤਾ ਹੋਈ ਸੀ। ਇਸ ਲੜਕੀ ਨੂੰ ਰਿਜ਼ੌਰਟ ਦੇ ਮਹਿਮਾਨਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਮਾਮਲੇ ’ਚ ਪੁਲੀਸ ਨੇ ਇੱਕ ਭਾਜਪਾ ਆਗੂ ਦੇ ਪੁੱਤਰ ਤੇ ਰਿਜ਼ੌਰਟ ਦੇ ਮਾਲਕ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਜਾਣਕਾਰੀ ਲੜਕੀ ਦੇ ਇੱਕ ਦੋਸਤ ਨਾਲ ਉਸ ਦੀ ਸੋਸ਼ਲ ਮੀਡੀਆ ’ਤੇ ਹੋਈ ਚੈਟ ਤੋਂ ਮਿਲੀ ਹੈ। ਇਸ ਤੋਂ ਪਹਿਲਾਂ ਮ੍ਰਿਤਕਾ ਦੇ ਫੇਸਬੁੱਕ ’ਤੇ ਇੱਕ ਦੋਸਤ ਨੇ ਕਿਹਾ ਕਿ ਉਸ ਦੀ ਦੋਸਤ ਨੂੰ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਰਿਜ਼ੌਰਟ ਮਾਲਕ ਦੇ ਕਹਿਣ ’ਤੇ ਉਸ ਨੇ ਰਿਜ਼ੌਰਟ ਦੇ ਮਹਿਮਾਨਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਰਿਜ਼ੌਰਟ ਦਾ ਮਾਲਕ ਪੁਲਕਿਤ ਆਰੀਆ ਹਰਿਦੁਆਰ ਤੋਂ ਭਾਜਪਾ ਆਗੂ ਵਿਨੋਦ ਆਰੀਆ ਦਾ ਪੁੱਤਰ ਹੈ। ਵਿਨੋਦ ਆਰੀਆ ਉੱਤਰਾਖੰਡ ਮਾਟੀ ਕਾਲਾ ਬੋਰਡ ਦਾ ਸਾਬਕਾ ਚੇਅਰਮੈਨ ਹੈ। ਲੜਕੀ ਦੇ ਮਾਪਿਆਂ ਨੇ ਲੰਘੇ ਸੋਮਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਲੜਕੀ ਦੇ ਦੋਸਤ ਨੇ ਦਾਅਵਾ ਕੀਤਾ ਕਿ ਰਿਜ਼ੌਰਟ ਮਾਲਕ ਪੁਲਕਿਤ ਤੇ ਉਸ ਦੇ ਦੋ ਹੋਰ ਮੁਲਾਜ਼ਮਾਂ ਨੇ ਲੜਕੀ ਦਾ ਕਤਲ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਪੁਲਕਿਤ ਆਰੀਆ ਅਤੇ ਉਸ ਦੇ ਮੈਨੇਜਰ ਸੌਰਭ ਭਾਸਕਰ ਤੇ ਸਹਾਇਕ ਮੈਨੇਜਰ ਅੰਕਿਤ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਲੀਸ ਜਦੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਲਿਜਾ ਰਹੀ ਸੀ ਤਾਂ ਗੁੱਸੇ ’ਚ ਆਏ ਲੋਕਾਂ ਨੇ ਪੁਲੀਸ ਦੀ ਕਾਰ ’ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਸਥਾਨਕ ਅਥਾਰਿਟੀਆਂ ਨੇ ਰਿਜ਼ੌਰਟ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਅਥਾਰਿਟੀ ਦਾ ਕਹਿਣਾ ਹੈ ਕਿ ਇਹ ਰਿਜ਼ੌਰਟ ਗ਼ੈਰਕਾਨੂੰਨੀ ਢੰਗ ਨਾਲ ਬਣਿਆ ਹੋਇਆ ਹੈ।

ਇਸੇ ਦੌਰਾਨ ਗੁੱਸੇ ’ਚ ਆਏ ਲੋਕਾਂ ਨੇ ਪੁਲਕਿਤ ਆਰੀਆ ਦੀ ਇੱਕ ਫੈਕਟਰੀ ਨੂੰ ਵੀ ਅੱਗ ਲਾ ਦਿੱਤੀ। ਪੁਲੀਸ ਨੇ ਦੱਸਿਆ ਕਿ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਰਿਸ਼ੀਕੇਸ਼ ਦੇ ਏਮਸ ’ਚ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਡੀਆਈਜੀ ਪੀ ਰੇਣੂਕਾ ਦੇਵੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਇਸੇ ਦੌਰਾਨ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਯਮਕੇਸ਼ਵਰ ਤੋਂ ਭਾਜਪਾ ਵਿਧਾਇਕ ਰੇਣੂ ਬਿਸ਼ਟ ਦੀ ਕਾਰ ’ਤੇ ਪਥਰਾਅ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਵਿਧਾਇਕਾ ਨੇ ਇਸ ਘਟਨਾ ’ਤੇ ਦੇਰੀ ਨਾਲ ਪ੍ਰਤੀਕਿਰਿਆ ਦਿੱਤੀ। ਇਸ ਹਮਲੇ ’ਚ ਵਿਧਾਇਕਾ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਪਰ ਪੁਲੀਸ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਲੈ ਗਈ।