ਨਵੀਂ ਦਿੱਲੀ, 6 ਅਪਰੈਲ

ਅਲ ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਨੇ ਕਰਨਾਟਕ ਦੇ ਹਿਜਾਬ ਵਿਵਾਦ ਦੀ ਵਰਤੋਂ ਭਾਰਤ ’ਚ ਜਮਹੂਰੀਅਤ ਨੂੰ ਨਿਸ਼ਾਨਾ ਬਣਉਣ ਲਈ ਕੀਤੀ ਹੈ। ਉਨ੍ਹਾਂ ਕਿਹਾ, ‘‘ਮੁਸਲਮਾਨਾਂ ਨੂੰ ਕਾਫ਼ਰ ਹਿੰਦੂ ਜਮਹੂਰੀਅਤ ਦੇ ਛਲ ਤੋਂ ਬਚਣਾ’ ਚਾਹੀਦਾ ਹੈ।’’ ਦਹਿਸ਼ਤੀ ਜਥੇਬੰਦੀ ਵੱਲੋਂ ਆਨਲਾਈਨ ਜਾਰੀ 8.43 ਮਿੰਟ ਦੇ ਵੀਡੀਓ ਕਲਿੱਪ ਦੀ ਅਮਰੀਕੀ ਸਾਈਟ ਇੰਟੈਲੀਜੈਂਸ ਗਰੁੱਪ ਨੇ ਤਸਦੀਕ ਕੀਤੀ ਹੈ। ਜ਼ਵਾਹਰੀ ਨੇ ਕਰਨਾਟਕ ਦੀ ਕਾਲਜ ਵਿਦਿਆਰਥਣ ਮੁਸਕਾਨ ਖ਼ਾਨ ਦੀ ਵੀ ਸ਼ਲਾਘਾ ਕੀਤੀ ਹੈ ਜੋ ਫਰਵਰੀ ’ਚ ਆਪਣੇ ਕਾਲਜ ’ਚ ਹਿਜਾਬ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਗੁੱਟ ਸਾਹਮਣੇ ਡਟ ਕੇ ਖੜ੍ਹੀ ਹੋ ਗਈ ਸੀ। ਅਰਬੀ ਭਾਸ਼ਾ ਵਾਲੇ ਵੀਡੀਓ ਕਲਿੱਪ ਦਾ ਸਾਈਟ ਇੰਟੈਲੀਜੈਂਸ ਗਰੁੱਪ ਨੇ ਅੰਗਰੇਜ਼ੀ ’ਚ ਤਰਜਮਾ ਕੀਤਾ ਹੈ। ਜ਼ਵਾਹਰੀ ਨੇ ਇੱਕ ਕਵਿਤਾ ਵੀ ਪੜ੍ਹੀ ਹੈ ਜਿਸ ਨੂੰ ਉਸ ਨੇ ਉਚੇਚੇ ਤੌਰ ’ਤੇ ‘ਸਾਡੀ ਮੁਜਾਹਿਦ ਭੈਣ’ ਅਤੇ ਉਸ ਦੇ ‘ਬਹਾਦਰੀ ਵਾਲੇ ਕਾਰਨਾਮੇ’ ਲਈ ਲਿਖਿਆ ਹੈ।