ਮੁੰਬਈ:ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਦੋਵਾਂ ਅਦਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕਰੋਨਾ ਕਾਰਨ ਘਰ ਵਿੱਚ ਹੀ ਇਕਾਂਤਵਾਸ ਹਨ। ਅਰਜੁਨ ਰਾਮਪਾਲ ਨੇ ਦੇਰ ਰਾਤ ਇੰਸਟਾਗ੍ਰਾਮ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘‘ਮੇਰੀ ਕਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ, ਹਾਲਾਂ ਕਿ ਮੈਨੂੰ ਕਿਸੇ ਤਰ੍ਹਾਂ ਦੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ। ਮੈਂ ਆਪਣੇ-ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕਰ ਰਿਹਾ ਹੈ, ਜੋ ਮੇਰੇ ਲਈ ਜ਼ਰੂਰੀ ਹਨ।’’ ਅਰਜੁਨ ਨੇ ਪਿਛਲੇ ਦਸ ਦਿਨਾਂ ਦੌਰਾਨ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਇਕਾਂਤਵਾਸ ਹੋਣ ਦੀ ਸਲਾਹ ਦਿੰਦਿਆਂ ਖ਼ੁਦ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਨੀਲ ਨਿਤਿਨ ਮੁਕੇਸ਼ ਨੇ ਸੋਸ਼ਲ ਮੀਡੀਆ ’ਤੇ ਪਰਿਵਾਰ ਦੇ ਜੀਆਂ ਸਣੇ ਆਪਣੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ, ‘‘ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਦੇ ਬਾਵਜੂਦ ਮੈਂ ਅਤੇ ਮੇਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਸੀਂ ਸਭ ਘਰ ਵਿੱਚ ਹੀ ਇਕਾਂਤਵਾਸ ਹਾਂ ਅਤੇ ਜ਼ਰੂਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਾਂ। ਪਿਆਰ ਅਤੇ ਦੁਆਵਾਂ ਲਈ ਤੁਹਾਡਾ ਸਭ ਦਾ ਧੰਨਵਾਦ।’’ ਦੋਵਾਂ ਅਦਾਕਾਰਾਂ ਨੇ ਕਰੋਨਾਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਸਮਾਜਿਕ ਦੂਰੀ, ਮਾਸਕ ਪਾਉਣ ਤੇ ਕਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ।