ਕਾਬੁਲ, 16 ਅਕਤੂਬਰ

ਅਫ਼ਗਾਨਿਸਤਾਨ ਵਿਚ ਇਕ ਫਿਦਾਈਨ ਹਮਲੇ ’ਚ ਸ਼ੀਆ ਮੁਸਲਿਮ ਭਾਈਚਾਰੇ ਦੀ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਵੇਲੇ ਮਸਜਿਦ ਵਿਚ ਵੱਡੀ ਗਿਣਤੀ ਨਮਾਜ਼ੀ ਮੌਜੂਦ ਸਨ ਤੇ 37 ਜਣਿਆਂ ਦੀ ਮੌਤ ਹੋ ਗਈ ਹੈ। 70 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਸ ਤੋਂ ਹਫ਼ਤਾ ਪਹਿਲਾਂ ਇਕ ਹੋਰ ਸ਼ੀਆ ਮਸਜਿਦ ਵਿਚ ਹੋਏ ਬੰਬ ਧਮਾਕੇ ਵਿਚ 46 ਜਣੇ ਮਾਰੇ ਗਏ ਸਨ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਚਾਰ ਬੰਬਾਰਾਂ ਨੇ ਮਸਜਿਦ ਨੂੰ ਨਿਸ਼ਾਨਾ ਬਣਾਇਆ। ਦੋ ਜਣਿਆਂ ਨੂੰ ਖ਼ੁਦ ਨੂੰ ਗੇਟ ਉਤੇ ਉਡਾ ਲਿਆ ਤੇ ਦੋ ਹੋਰਾਂ ਨੇ ਅੰਦਰ ਜਾ ਕੇ ਇਸੇ ਤਰ੍ਹਾਂ ਕੀਤਾ। ਖ਼ਬਰ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਨਮਾਜ਼ ਮੌਕੇ ਮਸਜਿਦ ਵਿਚ ਕਰੀਬ 500 ਵਿਅਕਤੀ ਆਉਂਦੇ ਹਨ। ਬੰਬ ਧਮਾਕੇ ਲਈ ਆਈਐੱਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਤਾਲਿਬਾਨ ਵੱਲੋਂ ਦੇਸ਼ ਉਤੇ ਕਬਜ਼ੇ ਤੋਂ ਬਾਅਦ ਅਤਿਵਾਦੀ ਸੰਗਠਨ ਨੇ ਕਈ ਥਾਈਂ ਧਮਾਕੇ ਕੀਤੇ ਹਨ। ਇਸਲਾਮਿਕ ਸਟੇਟ (ਆਈਐੱਸ) ਜੋ ਕਿ ਤਾਲਿਬਾਨ ਦੀ ਸੱਤਾ ਦੇ ਖ਼ਿਲਾਫ਼ ਹੈ, ਸ਼ੀਆ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਵਿਰੋਧੀ ਹੈ। ਤਾਲਿਬਾਨ ਤੇ ਆਈਐੱਸ ਸੁੰਨੀ ਮੁਸਲਮਾਨ ਹੋਣ ਦੇ ਬਾਵਜੂਦ ਵਿਚਾਰਧਾਰਕ ਤੌਰ ਉਤੇ ਵੰਡੇ ਹੋਏ ਹਨ, ਕਈ ਮੌਕਿਆਂ ਉਤੇ ਕਈ-ਦੂਜੇ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਹਾਲਾਂਕਿ ਤਾਲਿਬਾਨ ਨੇ ਸ਼ੀਆ ਭਾਈਚਾਰੇ ਦੀ ਰਾਖੀ ਦਾ ਅਹਿਦ ਲਿਆ ਹੈ।