ਲੌਂਗੁਏਲ, ਕਿਊਬਿਕ, 16 ਅਗਸਤ  :ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਦਰਮਿਆਨ ਲਿਬਰਲ ਆਗੂ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਖਿਆ ਕਿ ਸਰਕਾਰ ਜਲਦ ਤੋਂ ਜਲਦ ਹਜ਼ਾਰਾਂ ਦੀ ਗਿਣਤੀ ਵਿੱਚ ਅਫਗਾਨੀਆਂ ਨੂੰ ਰੀਸੈਟਲ ਕਰਨ ਲਈ ਵਚਨਬੱਧ ਹੈ।
ਕਿਊਬਿਕ ਵਿੱਚ ਚੋਣ ਮੁਹਿੰਮ ਦੌਰਾਨ ਇੱਕ ਥਾਂ ਉੱਤੇ ਰੁਕਣ ਸਮੇਂ ਟਰੂਡੋ ਨੇ ਆਖਿਆ ਕਿ ਸੋਮਵਾਰ ਤੱਕ ਘੱਟੋ ਘੱਟ 807 ਅਫਗਾਨੀ ਲੋਕਾਂ ਨੂੰ ਉੱਥੋਂ ਕੱਢ ਲਿਆ ਗਿਆ ਸੀ ਤੇ 500 ਕੈਨੇਡਾ ਵੀ ਪਹੁੰਚ ਚੁੱਕੇ ਹਨ। ਟਰੂਡੋ ਨੇ ਆਖਿਆ ਕਿ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਅਸੀਂ ਨਿਖੇਧੀ ਕਰਦੇ ਹਾਂ। ਉਨ੍ਹਾਂ ਆਖਿਆ ਕਿ 20,000 ਅਫਗਾਨੀਆਂ ਨੂੰ ਮੁੜ ਵਸਾਉਣ ਲਈ ਕੀਤੇ ਗਏ ਵਾਅਦੇ ਮੁਤਾਬਕ ਕੈਨੇਡਾ, ਅਮਰੀਕਾ ਤੇ ਯੂਕੇ ਦੇ ਨਾਲ ਨਾਲ ਕੌਮਾਂਤਰੀ ਏਡ ਆਰਗੇਨਾਈਜ਼ੇਸ਼ਨਜ਼ ਨਾਲ ਰਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਕੰਮ ਚੱਲ ਰਿਹਾ ਹੈ।
ਟਰੂਡੋ ਨੇ ਆਖਿਆ ਕਿ ਇਸ ਸਮੇਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਏਅਰਕ੍ਰਾਫਟ ਸਮੇਤ ਕੁਵੈਤ ਤੋਂ ਬਾਹਰ ਰੀਜਨ ਵਿੱਚ ਤਾਇਨਾਤ ਹਨ। ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਤਾਲਿਬਾਨ ਦਾ ਕਬਜਾ ਹੋਣ ਤੋਂ ਬਾਅਦ ਸਥਿਤੀ ਹਰ ਕਸੂਤੀ ਬਣ ਗਈ ਹੈ।ਕਈ ਹਫਤਿਆਂ ਤੋਂ ਅਫਗਾਨੀ ਇੰਟਰਪ੍ਰੈਟਰਜ਼, ਜਿਨ੍ਹਾਂ ਨੇ ਮਿਸ਼ਨ ਦੌਰਾਨ ਕੈਨੇਡੀਅਨ ਫੌਜ ਦੀ ਮਦਦ ਕੀਤੀ, ਦੇਸ਼ ਛੱਡਣ ਦੀ ਕੋਸਿ਼ਸ਼ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਕੈਨੇਡੀਅਨ ਸਰਕਾਰ ਕੋਲ ਵੀ ਮਦਦ ਲਈ ਕਈ ਵਾਰੀ ਅਪੀਲ ਕੀਤੀ ਜਾ ਚੁੱਕੀ ਹੈ।
ਇੱਕ ਇੰਟਰਪ੍ਰੈਟਰ ਨੇ ਐਤਵਾਰ ਨੂੰ ਦੱਸਿਆ ਕਿ ਉਸ ਵੱਲੋਂ ਸਾਰੇ ਜ਼ਰੂਰੀ ਕਾਗਜ਼ਾਤ ਵੀ ਭਰੇ ਜਾ ਚੁੱਕੇ ਹਨ ਤੇ ਕੈਨੇਡਾ ਆਉਣ ਲਈ ਸਾਰੇ ਟੈਸਟ ਵੀ ਕਰਵਾਏ ਜਾ ਚੁੱਕੇ ਹਨ ਪਰ ਅਜੇ ਤੱਕ ਫਲਾਈਟਸ ਦਾ ਕੋਈ ਨਾਮੋ ਨਿਸ਼ਾਨ ਤੱਕ ਸੁਣਨ ਨੂੰ ਨਹੀਂ ਮਿਲਿਆ।ਅਜੇ ਵੀ ਕਾਬੁਲ ਵਿੱਚ 1000 ਦੇ ਨੇੜੇ ਤੇੜੇ ਇੰਟਰਪ੍ਰੈਟਰਜ਼ ਹਨ। ਕਈ ਨੇ ਅਫਗਾਨਿਸਤਾਨ ਤੋਂ ਨਿਕਲਣ ਲਈ ਏਅਰਪੋਰਟ ਦਾ ਰੁਖ ਵੀ ਕੀਤਾ ਪਰ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ। ਹੁਣ ਇਨ੍ਹਾਂ ਇੰਟਰਪ੍ਰੈਟਰਜ਼ ਲਈ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਕਿਉਂਕਿ ਕੈਨੇਡਾ ਨੇ ਕਾਬੁਲ ਵਿਚਲੀ ਆਪਣੀ ਅੰਬੈਸੀ ਬੰਦ ਕਰ ਦਿੱਤੀ ਹੈ।