ਕਾਬੁਲ, 13 ਅਗਸਤ

ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਸਮੁੱਚੇ ਦੱਖਣੀ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਇਹ ਲੜਾਕੂ ਹੁਣ ਕਾਬੁਲ ਵੱਲ ਵੱਧ ਰਹੇ ਹਨ।  ਜ਼ਿਕਰਯੋਗ ਹੈ ਕਿ ਜਦੋਂ ਤੋਂ ਅਮਰੀਕੀ ਫੌਜਾਂ ਦੀ ਅਫਗਾਨਿਸਤਾਨ ਤੋਂ ਵਾਪਸੀ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਤਾਲਿਬਾਨ ਦੇ ਲੜਾਕੂਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ’ਤੇ ਕਬਜ਼ਾ ਕਰ ਲਿਆ ਸੀ। ਇਹ ਕੰਧਾਰ ਸੂਬੇ ਦੀ ਰਾਜਧਾਨੀ ਹੈ। ਅਫ਼ਗ਼ਾਨਿਸਤਾਨ ਦੀਆਂ 34 ਸੂਬਾਈ ਰਾਜਧਾਨੀਆਂ ਵਿੱਚੋਂ ਇਹ 12ਵੀਂ ਹੈ, ਜਿਸ ਨੂੰ ਅਤਿਵਾਦੀਆਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਸ ਤੋਂ ਇਲਾਵਾ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਤੇ ਉਰੂਜ਼ਗਾਨ ਸੂਬੇ ਦੀ ਰਾਜਧਾਨੀ ਤੇ ਵੀ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਧਾਰ ਨੂੰ ਵੀਰਵਾਰ ਰਾਤ ਨੂੰ ਤਾਲਿਬਾਨ ਨੇ ਕਬਜ਼ੇ ਵਿੱਚ ਕਰ ਲਿਆ ਅਤੇ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਕਿਸੇ ਤਰ੍ਹਾਂ ਹਵਾਈ ਮਾਰਗ ਰਾਹੀਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ’ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਤਾਲਿਬਾਨ ਨੇ ਗ਼ੋਰ ਸੂਬੇ ਦੀ ਰਾਜਧਾਨੀ ਫਿਰੋਜ਼ ਕੋਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ।