ਨਵੀਂ ਦਿੱਲੀ, 8 ਫਰਵਰੀ

ਅਭਿਸ਼ੇਕ ਬੈਨਰਜੀ ਦਾ ਕਹਿਣਾ ਹੈ ਕਿ ਅਦਾਕਾਰ ਹੋਣ ਦੇ ਨਾਤੇ ਉਸ ਨੂੰ ਕਿਰਦਾਰ ਨਿਭਾਉਣ, ਅਦਾਕਾਰੀ ਤੇ ਨਿਰਦੇਸ਼ਨ ਵਿੱਚ ਮਦਦ ਮਿਲਦੀ ਹੈ। ਫਿਰ ਇਹ ਚੀਜ਼ਾਂ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰਨ ’ਚ ਸਹਾਈ ਹੁੰਦੀਆਂ ਹਨ।

ਅਭਿਸ਼ੇਕ ਲਗਪਗ ਇੱਕ ਦਹਾਕੇ ਤੋਂ ਫਿਲਮੀ ਸਨਅਤ ਵਿੱਚ ਕੰਮ ਕਰ ਰਿਹਾ ਹੈ। ਉਹ ‘ਨੋ ਵਨ ਕਿਲਡ ਜੈਸਿਕਾ’, ‘ਫਿਲੌਰੀ’, ‘ਡਰੀਮ ਗਰਲ’, ‘ਸਤ੍ਰੀ’ ਅਤੇ ‘ਬਾਲਾ’ ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕਾ ਹੈ। ਪਿਛਲੇ ਸਾਲ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਨਿਭਾਏ ਕਾਤਲ ਹਥੌੜਾ ਤਿਆਗੀ ਦੇ ਕਿਰਦਾਰ ਲਈ ਉਸ ਦੀ ਕਾਫੀ ਸ਼ਲਾਘਾ ਹੋਈ। ਉਸ ਨੇ ‘ਮਿਰਜ਼ਾਪੁਰ’ ਦੇ ਪਹਿਲੇ ਸੀਜ਼ਨ, ‘ਅਨਪਾਜ਼ਡ’ ਅਤੇ ‘ਅੱਜੀ’ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਹਥੌੜਾ ਤਿਆਗੀ ਦੇ ਕਿਰਦਾਰ ਨੇ ਉਸ ਦਾ ਅਕਸ ਤੋੜਨ ਵਿਚ ਮਦਦ ਕੀਤੀ? ਤਾਂ ਉਸ ਨੇ ਕਿਹਾ, ‘‘ਇਹ ਅਚਾਨਕ ਸੀ ਕਿਉਂਕਿ ਮੈਨੂੰ ਲੱਗਾ ਸੀ ਕਿ ‘ਅੱਜੀ’ ਮਗਰੋਂ ਮੈਨੂੰ ਇਸੇ ਤਰ੍ਹਾਂ ਦੇ ਕਿਰਦਾਰ ਮਿਲਣਗੇ ਪਰ ਮਗਰੋਂ ‘ਸਤ੍ਰੀ’ ਕੀਤੀ ਅਤੇ ਮੈਨੂੰ ਸਿਰਫ ਮਜ਼ਾਹੀਆ ਕਿਸਮ ਦੇ ਕਿਰਦਾਰ ਮਿਲਣ ਲੱਗ ਪਏ। ਇਸ ਲਈ ਮੈਂ ਸੋਚ ਰਿਹਾ ਸੀ ਕਿ ਮੈਂ ਅਲੱਗ ਅਲੱਗ ਕਿਸਮ ਦੇ ਕਿਰਦਾਰ ਕਰ ਸਕਦਾ ਹਾਂ ਪਰ ਮੈਨੂੰ ਮੌਕਾ ਕਦੋਂ ਮਿਲੇਗਾ।’’

ਉਸ ਨੇ ਦੱਸਿਆ, ‘‘ਫਿਰ ਹਥੌੜਾ ਤਿਆਗੀ ਆਇਆ ਅਤੇ ਇਸ ਨੂੰ ਮੈਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਇਹ ਯੋਜਨਾਬੱਧ ਨਹੀਂ ਸੀ, ਪਰ ਫਿਰ ਜਦੋਂ ਮੈਂ ਇਸ ਕਿਰਦਾਰ ਵਿੱਚ ਹਫ਼ਤੇ ਲਈ ਰਿਹਾ ਤਾਂ ਮੈਨੂੰ ਪਤਾ ਸੀ ਕਿ ਇਹ ਇੱਕ ਅਜਿਹਾ ਕਿਰਦਾਰ ਹੈ, ਜੋ ਮੈਨੂੰ ਚੰਗੀ ਤਰ੍ਹਾਂ ਨਿਭਾਉਣਾ ਹੋਵੇਗਾ ਕਿਉਂਕਿ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਏਗਾ ਕਿ ਮੈਂ ਹੋਰ ਤਰ੍ਹਾਂ ਦੇ ਕਿਰਦਾਰ ਵੀ ਅਦਾ ਕਰ ਸਕਦਾ ਹਾਂ। ਇਹ ਹੀ ਮੈਂ ਹਮੇਸ਼ਾਂ ਚਾਹੁੰਦਾ ਸੀ।’’