ਨਵੀਂ ਦਿੱਲੀ/ਓਟਾਵਾ—ਹਾਲੀਆ ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਡਿਨਰ ‘ਚ ਖਾਲਿਸਤਾਨੀ ਹਮਾਇਤੀ ਰਹੇ ਜਸਪਾਲ ਅਟਵਾਲ ਨੂੰ ਸੱਦਾ ਦੇਣ ‘ਤੇ ਵਿਵਾਦ ਭੱਖ ਗਿਆ ਸੀ। ਹੁਣ ਖਬਰ ਹੈ ਕਿ ਜਦੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਜਸਟਿਨ ਟਰੂਡੋ ਦੇ ਡਿਨਰ ਲਈ ਗੈਸਟ ਲਿਸਟ ਮੰਗੀ ਸੀ ਤਾਂ ਉਨ੍ਹਾਂ ਨੂੰ ਇਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਗੈਸਟ ਲਿਸਟ ਕਿਸੇ ਨੂੰ ਨਹੀਂ ਦਿੱਤੀ ਜਾਂਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਹ ਲਿਸਟ ਸੁਰੱਖਿਆ ਏਜੰਸੀਆਂ ਨੂੰ ਵੀ ਨਹੀਂ ਦਿੱਤੀ ਜਾਂਦੀ।

ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ‘ਚ ਜਨ ਸੁਰੱਖਿਆ ਮੰਤਰੀ ਰਾਲਫ ਗੂਡੇਲੀ ਨੇ ਇਸ ਮਾਮਲੇ ‘ਚ ਟਿੱਪਣੀ ਕੀਤੀ ਸੀ। ਉਨ੍ਹਾਂ ਸਦਨ ‘ਚ ਕਿਹਾ ਕਿ ਅਸੀਂ ਸਾਰੇ ਕੈਨੇਡੀਅਨ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਾਡੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ‘ਚ ਚੰਗੀ ਤਰ੍ਹਾਂ ਕੰਮ ਕੀਤਾ। ਦੱਸਣਯੋਗ ਹੈ ਕਿ ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਜਸਟਿਨ ਟਰੂਡੋ ਦੇ ਸਵਾਗਤ ‘ਚ ਇਕ ਡਿਨਰ ਦੇ ਸਵਾਗਤ ‘ਚ ਇਕ ਡਿਨਰ ਪਾਰਟੀ ਰੱਖੀ ਗਈ ਸੀ। ਇਸ ਮੌਕੇ ‘ਤੇ ਖਾਲਿਸਤਾਨੀ ਹਮਾਇਤੀ ਰਹੇ ਜਸਪਾਲ ਅਟਵਾਲ ਨੂੰ ਵੀ ਸੱਦਾ ਦਿੱਤਾ ਗਿਆ ਸੀ। ਅਟਵਾਲ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ।

ਹਾਲਾਂਕਿ ਵਿਵਾਦ ਹੋਣ ਮਗਰੋਂ ਅਟਵਾਲ ਦਾ ਸੱਦਾ ਰੱਦ ਕਰ ਦਿੱਤਾ ਗਿਆ ਅਤੇ ਬਾਅਦ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਸਫਾਈ ਦਿੰਦੀਆਂ ਭਰੋਸਾ ਦਿੱਤਾ ਕਿ ਅਟਵਾਲ ਨੂੰ ਸੱਦਾ ਦੇਣ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਐੱਸ.ਸਰਾਏ ਨੇ ਅਟਵਾਲ ਨੂੰ ਸੱਦਾ ਦੇਣ ਲਈ ਦੀ ਜ਼ਿੰਮੇਵਾਰੀ ਲਈ ‘ਤੇ ਮੁਆਫੀ ਵੀ ਮੰਗੀ। ਦੱਸਣਯੋਗ ਹੈ ਕਿ ਅਟਵਾਲ ਨੂੰ 1986 ‘ਚ ਵੈਨਕੂਵਰ ‘ਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਮੰਨਿਆ ਗਿਆ ਸੀ। ਅਟਵਾਲ ਨੂੰ ਇਸ ਕੇਸ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਬਾਅਦ ‘ਚ ਚੰਗੇ ਵਰਤਾਅ ਕਾਰਨ ਉਸ ਨੂੰ ਛੇਤੀ ਰਿਹਾਅ ਕਰ ਦਿੱਤਾ ਗਿਆ।