ਫਤਿਹਗੜ੍ਹ ਸਾਹਿਬ, 5 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੀ ਸਬ ਕਮੇਟੀ ਨੇ ਅੱਜ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਸ ਜ਼ਿਲ੍ਹੇ ਵਿਚ ਮੀਟਿੰਗਾਂ ਕੀਤੀਆਂ ਤਾਂ ਜੋ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਤੇ ਪਾਰਟੀ ਨੁੰ ਨਵੇਂ ਸਿਰੇ ਤੋਂ ਖੜ੍ਹੇ ਕਰਨ ਲਈ ਸੁਝਾਅ ਪ੍ਰਾਪਤ ਕੀਤੇ ਜਾ ਸਕਣ।

ਇਸ ਸਬ ਕਮੇਟੀ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਇਸ ਮੀਟਿੰਗ ਵਿਚ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਵੇਰਵੇ ਸਾਂਝੇ ਕਰਦਿਆਂ ਸਰਦਾਰ ਝੂੰਦਾ ਨੇ ਕਿਹਾ ਕਿ ਸਬ ਕਮੇਟੀ ਨੁੰ ਹੇਠਲੇ ਪੱਧਰ ਤੱਕ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਜ਼ਮੀਨੀ ਪੱਧਰ ਦੀ ਹਕੀਕਤ ਦੀ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਧਿਆਨ ਵਿਚ ਰੱਖਦਿਆਂ ਸਬ ਕਮੇਟੀ ਨੇ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਵਿਚ ਮੀਟਿੰਗਾਂ ਕੀਤੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਮੀਟਿੰਗਾਂ ਵਿਚ ਖੁੱਲ੍ਹੇ ਮਨ ਨਾਲ ਗੱਲਾਂ ਬਾਤਾਂ ਹੋਈਆਂ ਜਿਹਨਾਂ ਦੀ ਘੋਖ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਰੀ ਗੱਲਬਾਤ ਹੇਠਲੇ ਪੱਧਰ ਤੱਕ ਵਰਕਰਾਂ ਨਾਲ ਪੰਥਕ ਰਵਾਇਤਾਂ ਅਨੁਸਾਰ ਹੋਈ ਜਿਸਦਾ ਮਕਸਦ ਲੋਕਾਂ ਵਿਚ ਪੰਥਕ ਭਾਵਨਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਝੂੰਦਾ ਨੇ ਕਿਹਾ ਕਿ ਸਬ ਕਮੇਟੀ ਪਾਰਟੀ ਕੇਡਰ ਤੋਂ ਸਾਰੇ ਲੋੜੀਂਦੇ ਸੁਝਾਅ ਪ੍ਰਾਪਤ ਕਰਨ ਦਾ ਯਤਨ ਕਰ ਰਹੀ ਹੈ ਤੇ ਇਸਦੀ ਰਿਪੋਰਟ 16 ਮੈਂਬਰੀ ਕਮੇਟੀ ਨੁੰ ਸੌਂਪੀ ਜਾਵੇਗੀ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਕਰਨ ਅਤੇ ਪਾਰਟੀ ਨੁੰ ਫਿਰ ਤੋਂ ਮਜ਼ਬੂਤ ਕਰਨ ਵਾਸਤੇ ਸੁਝਾਅ ਲੈਣ ਲਈ ਬਣਾਈ ਹੈ।