ਨਵੀਂ ਦਿੱਲੀ, 14 ਜਨਵਰੀ

ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ਦੀ ਕੋਰਟ ਆਫ਼ ਇਨਕੁਆਰੀ ਵਿਚ ਸਾਹਮਣੇ ਆਇਆ ਹੈ ਕਿ ਅਚਾਨਕ ਆਏ ਬੱਦਲਾਂ ਕਾਰਨ ਪਾਇਲਟ ਭਟਕ ਗਿਆ ਸੀ ਜਿਸ ਕਾਰਨ ਹਾਦਸਾ ਹੋਇਆ। ਇਸ ਹਾਦਸੇ ਵਿਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਨ ਰਾਵਤ ਅਤੇ 13 ਹੋਰਾਂ ਦੀ ਮੌਤ ਹੋ ਗਈ ਸੀ। ਭਾਰਤੀ ਹਵਾਈ ਸੈਨਾ ਵਲੋਂ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਦੇ ਕਾਰਨ ਮਕੈਨੀਕਲ ਨੁਕਸ, ਸਾਜ਼ਿਸ਼ ਜਾਂ ਲਾਪਰਵਾਹੀ ਨਹੀਂ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਚਾਨਕ ਮੌਸਮ ਖਰਾਬ ਹੋ ਗਿਆ ਸੀ ਤੇ ਹੈਲੀਕਾਪਟਰ ਬੱਦਲਾਂ ਵਿਚ ਭਟਕ ਗਿਆ ਸੀ। ਜ਼ਿਕਰਯੋਗ ਹੈ ਕਿ ਰੂਸ ਦੇ ਬਣੇ ਐਮਆਈ-17ਵੀ5 ਹੈਲੀਕਾਪਟਰ ਵਿੱਚ ਸੀਡੀਐਸ, ਉਸ ਦੀ ਪਤਨੀ ਤੇ ਹੋਰ ਅਧਿਕਾਰੀ ਸੀ ਜੋ 8 ਦਸੰਬਰ ਨੂੰ ਦੁਪਹਿਰ ਵੇਲੇ ਤਮਿਲਨਾਡੂ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।