ਓਟਵਾ, 25 ਸਤੰਬਰ  : ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਖਿਲਾਫ ਮੁਜਰਮਾਨਾ ਚਾਰਜਿਜ਼ ਹੱਲ ਕਰਨ ਲਈ ਤਿਆਰ ਹਨ। ਇਸ ਮਸਲੇ ਨੂੰ ਹੱਲ ਕਰਨ ਲਈ ਦੋਵਾਂ ਧਿਰਾਂ ਦੇ ਨੁਮਾਇੰਦੇ ਜਲਦ ਹੀ ਨਿਊ ਯੌਰਕ ਕੋਰਟ ਵਿੱਚ ਪੇਸ਼ ਹੋਣਗੇ।
ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕਰਟ ਈਸਟਰਨ ਡਿਸਟ੍ਰਿਕਟ ਆਫ ਨਿਊ ਯੌਰਕ ਨੂੰ ਹਾਸਲ ਹੋਏ ਇੱਕ ਪੱਤਰ ਵਿੱਚ ਆਖਿਆ ਗਿਆ ਹੈ ਕਿ ਵਾਨਜ਼ੋਊ ਉੱਤੇ ਲੱਗੇ ਚਾਰਜਿਜ਼ ਨੂੰ ਹੱਲ ਕਰਨ ਲਈ ਯੂਐਸ ਡਿਪਾਰਟਮੈਂਟ ਆਫ ਜਸਟਿਸ ਅਦਾਲਤ ਵਿੱਚ ਪੇਸ਼ ਹੋਵੇਗਾ। ਇਸ ਨਾਲ ਤਿੰਨ ਸਾਲਾਂ ਤੋਂ ਚੱਲੇ ਆ ਰਹੇ ਕਾਨੂੰਨੀ ਤੇ ਡਿਪਲੋਮੈਟਿਕ ਮਸਲੇ ਦਾ ਵੀ ਭੋਗ ਪਵੇਗਾ।ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 1:00 ਵਜੇ ਜਦੋਂ ਇਸ ਮਸਲੇ ਨੂੰ ਅਦਾਲਤ ਵਿੱਚ ਵਰਚੂਅਲੀ ਲਿਆਂਦਾ ਜਾਵੇਗਾ ਤਾਂ ਮੈਂਗ ਆਪਣੀ ਥੋੜ੍ਹੀ ਬਹੁਤ ਗਲਤੀ ਮੰਨ ਸਕਦੀ ਹੈ ਤੇ ਉਸ ਨੂੰ ਥੋੜ੍ਹਾ ਜੁਰਮਾਨਾ ਭਰਨ ਲਈ ਆਖਿਆ ਜਾ ਸਕਦਾ ਹੈ।
ਬੀਸੀ ਸੁਪਰੀਮ ਕੋਰਟ ਵਿੱਚ ਦੂਜੀ ਪੇਸ਼ੀ ਦੀ ਵੀ ਸੰਭਾਵਨਾ ਹੈ ਪਰ ਇਹ ਨਿਊ ਯੌਰਕ ਵਾਲੇ ਨਤੀਜੇ ਆਉਣ ਤੋਂ ਬਾਅਦ ਹੀ ਤੈਅ ਹੋ ਸਕੇਗਾ। ਜੇ ਅਮੈਰੀਕਨਜ਼ ਨਾਲ ਡੀਲ ਸਿਰੇ ਚੜ੍ਹਦੀ ਹੈ ਤਾਂ ਮੈਂਗ ਦੀ ਹਵਾਲਗੀ ਸਬੰਧੀ ਕਾਰਵਾਈ ਉੱਤੇ ਸਟੇਅ ਲਾਈ ਜਾ ਸਕਦੀ ਹੈ।ਇਸ ਤੋਂ ਬਾਅਦ ਚੀਨ ਦੀ ਟੈਲੀਕਾਮ ਜਾਇੰਟ ਦੀ ਸੀਐਫਓ ਨੂੰ ਕੈਨੇਡਾ ਛੱਡਣ ਦੀ ਵੀ ਖੁੱਲ੍ਹ ਮਿਲ ਸਕਦੀ ਹੈ।