ਕੋਲਕਾਤਾ:ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਹਿੰਦੀ ਫਿਲਮਾਂ ਦੇ ਬਾਈਕਾਟ ਦਾ ਚਲਨ ਹੁਣ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ, ਜਿਸ ਵਿੱਚ ਦਰਸ਼ਕਾਂ ਦੀ ਸਮਝ ਅਤੇ ਉਨ੍ਹਾਂ ਦਾ ਪੱਖ ਨਿਗੂਣਾ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਤਾਪਸੀ ਦੀ ਫਿਲਮ ‘ਦੋਬਾਰਾ’ ਸਿਨੇਮਾਘਰਾਂ ਵਿੱਚ ਅੱਜ ਰਿਲੀਜ਼ ਕੀਤੀ ਗਈ ਹੈ, ਜਿਸ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾਣ ਵਾਲੀਆਂ ਖ਼ਬਰਾਂ ਤੰਗ ਨਹੀਂ ਕਰਦੀਆਂ। ਅਦਾਕਾਰਾ ਦਾ ਕਹਿਣਾ ਹੈ, ‘ਜਦੋਂ ਬਾਈਕਾਟ ਵਰਗੇ ਸੱਦੇ ਰੋਜ਼ਾਨਾ ਮਿਲਣ ਲੱਗਣ ਤਾਂ ਇਨ੍ਹਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ ਤੇ ਇਹ ਸੱਦੇ ਬੇਕਾਰ ਹੋ ਜਾਂਦੇ ਹਨ। ਮੈਂ ਫਿਲਮ ਜਗਤ ਵਿੱਚ ਕਿਸੇ ਹੋਰ ਬਾਰੇ ਕੁਝ ਨਹੀਂ ਕਹਿ ਸਕਦੀ, ਪਰ ਮੇਰੇ ਤੇ ਅਨੁਰਾਗ ਲਈ ਹੁਣ ਇਹ ਚਲਨ ਇੱਕ ਮਜ਼ਾਕ ਬਣ ਚੁੱਕਿਆ ਹੈ।’ ਇਸ ਮੌਕੇ ਫਿਲਮ ‘ਦੋਬਾਰਾ’ ਦੇ 2018 ਵਿੱਚ ਆਈ ਸਪੈਨਿਸ਼ ਫਿਲਮ ‘ਮਿਰਾਜ’ ਦੀ ਨਕਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਅਦਾਕਾਰਾ ਨੇ ਕਿਹਾ, ‘ਸਾਡੀ ਫਿਲਮ ਦੀ ਕਹਾਣੀ ਮਾਰਚ 2018 ਵਿੱਚ ਅੰਤਿਮ ਰੂਪ ਲੈ ਚੁੱਕੀ ਸੀ, ਜਦਕਿ ਉਕਤ ਸਪੈਨਿਸ਼ ਫਿਲਮ ਨਵੰਬਰ 2018 ਵਿੱਚ ਰਿਲੀਜ਼ ਹੋਈ ਹੈ। ਇਸ ਲਈ ‘ਦੋਬਾਰਾ’ ਨਾ ਤਾਂ ਇਸ ਫਿਲਮ ਦੀ ਨਕਲ ਹੈ ਤੇ ਨਾ ਹੀ ਇਸ ਤੋਂ ਪ੍ਰਭਾਵਿਤ ਹੈ।’