ਸ਼ਿਮਲਾ, 24 ਜਨਵਰੀ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਊਨਾ ਜ਼ਿਲ੍ਹਿਆਂ ਵਿੱਚ ਸੜਕ ਹਾਦਸਿਆਂ ਵਿੱਚ ਪੰਜਾਬ ਵਾਸੀ ਔਰਤ ਅਤੇ ਉਸ ਦੇ ਪੁੱਤਰ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਸੋਮਵਾਰ ਦੇਰ ਰਾਤ ਸ਼ਿਮਲਾ ਦੇ ਬਾਹਰੀ ਹਿੱਸੇ ‘ਤੇ ਸ਼ੋਘੀ-ਮੇਹਲੀ ਬਾਈਪਾਸ ‘ਤੇ ਭੌਂਗ ਨੇੜੇ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ ਪੰਜਾਬ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ (30), ਅਮਰ (18) ਦੋਵੇਂ ਵਾਸੀ ਨੰਗਲ ਅਤੇ ਰਾਜਵੀਰ (16) ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਜ਼ਖਮੀ ਲਖਨ ਨੂੰ ਆਈਜੀਐਮਸੀ ਸ਼ਿਮਲਾ ਵਿੱਚ ਭਰਤੀ ਕਰਵਾਇਆ ਗਿਆ ਹੈ। ਇਕ ਹੋਰ ਘਟਨਾ ‘ਚ ਊਨਾ ਜ਼ਿਲ੍ਹੇ ਦੇ ਪਿੰਡ ਨਨਾਵਿਨ ‘ਚ ਟਰੱਕ ਅਤੇ ਬਾਈਕ ਵਿਚਾਲੇ ਹੋਈ ਟੱਕਰ ‘ਚ ਇਕ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਵਰਨ ਕੌਰ (33) ਅਤੇ ਵੰਸ਼ਪ੍ਰੀਤ (6) ਦੋਵੇਂ ਵਾਸੀ ਪੰਜਾਬ ਰਾਜਪੁਰਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਸ ਸਬੰਧ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।