ਨਵੀਂ ਦਿੱਲੀ, 18 ਨਵੰਬਰ

ਦੇਸ਼ ਦੇ ਕਥਿਤ ‘ਦੋਹਰੇ ਕਿਰਦਾਰ’ ਬਾਰੇ ਟਿੱਪਣੀ ਕਰਨ ’ਤੇ ਸਟੈਂਡ-ਅੱਪ ਕਾਮੇਡੀਅਨ ਵੀਰ ਦਾਸ ਵਿਵਾਦਾਂ ’ਚ ਘਿਰ ਗਏ ਹਨ ਜਿਸ ਮਗਰੋਂ ਉਨ੍ਹਾਂ ਖ਼ਿਲਾਫ਼ ਮੁੰਬਈ ਅਤੇ ਦਿੱਲੀ ’ਚ ਪੁਲੀਸ ਕੋਲ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਉਂਜ ਅਜੇ ਕੋਈ ਵੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਵੀਰ ਦਾਸ ਦੇ ਵੀਡੀਓ ‘ਆਈ ਕਮ ਫ੍ਰਾਮ ਦੋ ਇੰਡੀਆਜ਼’ ’ਤੇ ਤਿੱਖੀ ਬਹਿਸ ਛਿੜ ਗਈ ਹੈ। ਇਹ ਵੀਡੀਓ ਵਾਸ਼ਿੰਗਟਨ ਡੀਸੀ ਦੇ ਜੌਹਨ ਐੱਫ ਕੈਨੇਡੀ ਸੈਂਟਰ ’ਚ ਉਸ ਵੱਲੋਂ ਦਿੱਤੀ ਗਈ ਪੇਸ਼ਕਾਰੀ ਦਾ ਹਿੱਸਾ ਸੀ। ਛੇ ਮਿੰਟ ਦੇ ਵੀਡੀਓ ’ਚ ਦਾਸ ਨੇ ਮੁਲਕ ਦੇ ਕਥਿਤ ਦੋਹਰੇ ਕਿਰਦਾਰ ਬਾਰੇ ਗੱਲ ਕਰਦਿਆਂ ਕੋਵਿਡ-19 ਮਹਾਮਾਰੀ, ਜਬਰ-ਜਨਾਹ ਦੀਆਂ ਘਟਨਾਵਾਂ, ਹਾਸਰਸ ਕਲਾਕਾਰਾਂ ਖ਼ਿਲਾਫ਼ ਕਾਰਵਾਈ ਤੋਂ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਜਿਹੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈ। ਵੀਡੀਓ ’ਚ ਉਸ ਨੇ ਕਿਹਾ ਸੀ,‘‘ਮੈਂ ਇਕ ਅਜਿਹੇ ਭਾਰਤ ਦਾ ਬਾਸ਼ਿੰਦਾ ਹਾਂ ਜਿਥੇ ਦਿਨ ’ਚ ਮਹਿਲਾ ਦੀ ਪੂਜਾ ਹੁੰਦੀ ਹੈ ਅਤੇ ਰਾਤ ਸਮੇਂ ਉਨ੍ਹਾਂ ਨਾਲ ਜਬਰ-ਜਨਾਹ ਹੁੰਦਾ ਹੈ।’’ ਵੀਰ ਦਾਸ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਇਰਾਦਾ ਦੇਸ਼ ਦਾ ਅਪਮਾਨ ਕਰਨ ਦਾ ਨਹੀਂ ਸੀ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੈਂਬਰ ਮਹੂਆ ਮੋਇਤਰਾ, ਕਾਂਗਰਸ ਆਗੂਆਂ ਕਪਿਲ ਸਿੱਬਲ ਅਤੇ ਸ਼ਸ਼ੀ ਥਰੂਰ ਨੇ ਵੀਰ ਦਾਸ ਦੀ ਹਮਾਇਤ ਕੀਤੀ ਹੈ। ਉਂਜ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ‘ਦੇਸ਼ ਨੂੰ ਬਦਨਾਮ’ ਕਰਨ ਲਈ ਵੀਰ ਦਾਸ ਦੀ ਆਲੋਚਨਾ ਕੀਤੀ ਹੈ। ਅਦਾਕਾਰਾ ਕੰਗਨਾ ਰਣੌਤ ਨੇ ਦਾਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਦੇ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਆਦਿੱਤਿਆ ਝਾਅ ਅਤੇ ਮੁੰਬਈ ਦੇ ਵਕੀਲ ਆਸ਼ੂਤੋਸ਼ ਜੇ ਦੂਬੇ ਨੇ ਵੀਰ ਦਾਸ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਝਾਅ ਅਤੇ ਦੂਬੇ ਨੇ ਕਿਹਾ ਹੈ ਕਿ ਦਾਸ ਨੇ ਦੇਸ਼ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਕੌਮਾਂਤਰੀ ਮੰਚ ’ਤੇ ‘ਇਤਰਾਜ਼ਯੋਗ’ ਬਿਆਨ ਦਿੱਤਾ ਹੈ। ਕਾਂਗਰਸ ਆਗੂ ਕਪਿਲ ਸਿੱਬਲ ਨੇ ਵੀਰ ਦਾਸ ਦੀ ਹਮਾਇਤ ਕਰਦਿਆਂ ਕਿਹਾ,‘‘ਇਥੇ ਦੋ ਭਾਰਤ ਹਨ, ਪਰ ਲੋਕ ਨਹੀਂ ਚਾਹੁੰਦੇ ਕਿ ਕੋਈ ਇਸ ਬਾਰੇ ਦੁਨੀਆ ਨੂੰ ਦੱਸੇ ਕਿਉਂਕਿ ਅਸੀਂ ਲੋਕ ਅਸਹਿਣਸ਼ੀਲ ਅਤੇ ਪਾਖੰਡੀ ਹਾਂ।’’ ਕਾਂਗਰਸ ਦੇ ਇਕ ਹੋਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ‘ਸਟੈਂਡ ਅੱਪ’ ਕਾਮੇਡੀਅਨ, ਖੜ੍ਹੇ ਹੋਣ ਦਾ ਅਸਲੀ ਮਤਲਬ ਸਿਰਫ਼ ਸ਼ਰੀਰਕ ਤੌਰ ’ਤੇ ਨਹੀਂ ਸਗੋਂ ਨੈਤਿਕ ਤੌਰ ’ਤੇ ਵੀ ਜਾਣਦਾ ਹੈ। ਤ੍ਰਿਣਮੂਲ ਕਾਂਗਰਸ ਆਗੂ ਮੋਇਤਰਾ ਨੇ ‘ਟੂ ਇੰਡੀਆਜ਼’ ਬਾਰੇ ਸੱਚ ਬੋਲਣ ਲਈ ਵੀਰ ਦਾਸ ਦਾ ਧੰਨਵਾਦ ਕੀਤਾ। ਹੰਸਲ ਮਹਿਤਾ ਤੇ ਪੂਜਾ ਭੱਟ ਨੇ ਵੀ ਵੀਰ ਦਾਸ ਨੂੰ ਹਮਾਇਤ ਿਦੱਤੀ ਹੈ।