ਰੁੜਕੇਲਾ, 20 ਜਨਵਰੀ

ਸਟਾਰ ਫਾਰਵਰਡ ਬਲੇਕ ਗੋਵਰਜ਼ ਦੇ ਚਾਰ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਦੱਖਣੀ ਅਫਰੀਕਾ ਨੂੰ 9-2 ਨਾਲ ਹਰਾ ਕੇ ਪੂਲ ‘ਏ’ ਵਿੱਚ ਚੋਟੀ ’ਤੇ ਰਹਿੰਦਿਆਂ ਐੱਫਆਈਐੱਚ ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪੂਲ ‘ਏ’ ਦੇ ਇੱਕ ਹੋਰ ਮੈਚ ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ 5-5 ਨਾਲ ਡਰਾਅ ਰਿਹਾ। ਇਸੇ ਤਰ੍ਹਾਂ ਪੂਲ ‘ਬੀ’ ਦੇ ਮੈਚ ਵਿੱਚ ਬੂਨ ਟੌਮ ਦੇ ਪੰਜ ਗੋਲਾਂ ਦੀ ਬਦੌਲਤ ਬੈਲਜੀਅਮ ਨੇ ਜਾਪਾਨ ਨੂੰ 7-1 ਨਾਲ ਮਾਤ ਦਿੱਤੀ।